ਚੰਡੀਗੜ੍ਹ, 30 ਮਈ 2025: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 89 ਦਿਨ ਪੂਰੇ ਹੋ ਗਏ | ਪੰਜਾਬ ਪੁਲਿਸ ਮੁਤਾਬਕ 1 ਮਾਰਚ, 2025 ਤੋਂ ਹੁਣ ਤੱਕ 8352 ਐਫਆਈਆਰਜ਼ ਦਰਜ ਕਰਕੇ 14183 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ ਪੰਜਾਬ ਭਰ ‘ਚ ਪੁਲਿਸ ਨਸ਼ੀਲੇ ਪਦਾਰਥਾਂ ਦੇ ਹੌਟਸਪੌਟਾਂ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਅਤੇ ਛਾਪੇਮਾਰੀ ਸਮੇਤ ਵੱਖ-ਵੱਖ ਕਾਰਵਾਈਆਂ ਕਰ ਰਹੀ ਹੈ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨਿੱਜੀ ਤੌਰ ‘ਤੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ, ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਨਸ਼ਾ ਤਸਕਰਾਂ ਦੇ ਕਬਜ਼ੇ ਤੋਂ 586 ਕਿਲੋਗ੍ਰਾਮ ਹੈਰੋਇਨ, 246 ਕਿਲੋਗ੍ਰਾਮ ਅਫੀਮ, 135 ਕੁਇੰਟਲ ਭੁੱਕੀ, 8.9 ਕਿਲੋਗ੍ਰਾਮ ਚਰਸ, 193 ਕਿਲੋਗ੍ਰਾਮ ਗਾਂਜਾ, 2.5 ਕਿਲੋਗ੍ਰਾਮ ਆਈਸੀਈ, 1.6 ਕਿਲੋਗ੍ਰਾਮ ਕੋਕੀਨ, 25.70 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 10.75 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।
ਸਪੈਸ਼ਲ ਡੀਜੀਪੀ ਨੇ 89ਵੇਂ ਦਿਨ ਦੇ ਨਤੀਜਿਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ 141 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ 3.1 ਕਿਲੋਗ੍ਰਾਮ ਹੈਰੋਇਨ, 10 ਕਿਲੋਗ੍ਰਾਮ ਭੁੱਕੀ, 51790 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 38700 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਵਿਸ਼ੇਸ਼ ਡੀਜੀਪੀ ਮੁਤਾਬਕ 96 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1700 ਤੋਂ ਵੱਧ ਪੁਲਿਸ ਕਰਮਚਾਰੀਆਂ ਸਮੇਤ 250 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਭਰ ‘ਚ 533 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਨਾਲ ਸੂਬੇ ਭਰ ‘ਚ 97 ਐਫਆਈਆਰ ਦਰਜ ਕੀਤੀਆਂ । ਉਨ੍ਹਾਂ ਅੱਗੇ ਕਿਹਾ ਕਿ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ, ਪੁਲਿਸ ਟੀਮਾਂ ਨੇ 576 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ।
Read More: ਨਗਰ ਕੌਂਸਲ ਜ਼ੀਰਕਪੁਰ ਨੇ ਨਜਾਇਜ਼ ਕਬਜ਼ੇ ‘ਤੇ ਬਣੇ ਵਾਈਨ ਸ਼ਾਪ ਦਾ ਢਾਂਚਾ ਢਾਹਿਆ