ਯੁੱਧ ਨਸ਼ਿਆਂ ਵਿਰੁੱਧ

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ‘ਚ 102 ਜਣੇ ਗ੍ਰਿਫਤਾਰ, ਹੈਰੋਇਨ ਤੇ ਡਰੱਗ ਮਨੀ ਬਰਾਮਦ

ਚੰਡੀਗੜ੍ਹ, 16 ਜੂਨ 2025: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਹੈ | ਪੰਜਾਬ ਪੁਲਿਸ ਨੇ ਮੁਹਿੰਮ ਤਹਿਤ 107ਵੇਂ ਦਿਨ ਅੱਜ 102 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 688 ਗ੍ਰਾਮ ਹੈਰੋਇਨ, 105 ਕਿਲੋ ਭੁੱਕੀ, 2164 ਨਸ਼ੀਲੀਆਂ ਗੋਲੀਆਂ ਅਤੇ 26,910 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਪੰਜਾਬ ਪੁਲਿਸ ਮੁਤਾਬਕ ਇਸ ਮੁਹਿੰਮ ਦੇ ਸਿਰਫ਼ 107 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਤਸਕਰਾਂ ਦੀ ਕੁੱਲ ਗਿਣਤੀ 17,749 ਪਹੁੰਚ ਗਈ ਹੈ। ਇਸ ਸੰਬੰਧੀ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ ਪੰਜਾਬ ਦੇ ਸਾਰੇ 28 ਜ਼ਿਲ੍ਹਿਆਂ ‘ਚ ਇੱਕੋ ਸਮੇਂ ਕੀਤੀ।

ਇਸ ਕਾਰਵਾਈ ਬਾਰੇ ਵਿਸ਼ੇਸ਼ ਡੀਜੀਪੀ (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਨੇ ਕਿਹਾ ਕਿ 95 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਨਾਲ 200 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ‘ਚ 479 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ, ਪੰਜਾਬ ਭਰ ‘ਚ 76 ਐਫ.ਆਈ.ਆਰ ਦਰਜ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 504 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਲਈ ਲਾਗੂ ਕੀਤੀ ਤਿੰਨ-ਪੱਖੀ ਰਣਨੀਤੀ – ਲਾਗੂ ਕਰਨਾ, ਨਸ਼ਾ ਛੁਡਾਊ ਅਤੇ ਰੋਕਥਾਮ – ਦੇ ਤਹਿਤ ਪੰਜਾਬ ਪੁਲਿਸ ਨੇ ਅੱਜ 55 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ।

Read More: ਪੰਜਾਬ ਪੁਲਿਸ ਦੇ 70 ਪੁਲਿਸ ਅਧਿਕਾਰੀਆਂ ਨੂੰ DSP ਵਜੋਂ ਦਿੱਤੀ ਤਰੱਕੀ

Scroll to Top