ਚੰਡੀਗੜ੍ਹ, 10 ਅਗਸਤ 2024: ਪੰਜਾਬ ਪੁਲਿਸ (Punjab Police) ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਜਰਮਨੀ ‘ਚ 2020 ਦੇ ਕੋਕੀਨ ਤਸਕਰੀ ਮਾਮਲੇ ‘ਚ ਸਿਮਰਨਜੋਤ ਸੰਧੂ (30 ਸਾਲ) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਸਿਮਰਨਜੋਤ ਸਿੰਘ ਸੰਧੂ ਜਰਮਨੀ ਵਿੱਚ 487 ਕਿੱਲੋ ਕੋਕੀਨ ਤਸਕਰੀ ਮਾਮਲੇ (2020) ਦਾ ਸਰਗਨਾ ਹੈ |
ਇਸ ਬਾਰੇ ਪੰਜਾਬ (Punjab Police) ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੋਗਾ ਪੁਲਿਸ 16 ਜੂਨ, 2024 ਨੂੰ 1 ਕਿੱਲੋ ਹੈਰੋਇਨ ਸਣੇ ਗ੍ਰਿਫਤਾਰ ਕੀਤੇ ਸਥਾਨਕ ਨਸ਼ਾ ਤਸਕਰ ਬੇਅੰਤ ਸਿੰਘ ਅਤੇ ਸੁਖਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਬਾਰੀਕੀ ਨਾਲ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਇਨ੍ਹਾਂ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਨਦੀਪ ਸਿੰਘ ਜੋ ਕਿ ਮੌਜੂਦਾ ਸਮੇਂ ਅਮਰੀਕਾ ‘ਚ ਰਹਿੰਦਾ ਹੈ ਅਤੇ ਸਿਮਰਨਜੋਤ ਸਿੰਘ, ਜੋ ਮਨਦੀਪ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ‘ਚ ਹੈਰੋਇਨ ਦੇ ਖਰੀਦਦਾਰਾਂ ਦੀ ਭਾਲ ਕਰ ਰਿਹਾ ਸੀ, ਉਸਨੂੰ ਵੀ ਨਾਮਜ਼ਦ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਸਿਮਰਨਜੋਤ ਸੰਧੂ ਜਰਮਨੀ ‘ਚ ਨਸ਼ਿਆਂ ਦੇ ਮਾਮਲਿਆਂ ‘ਚ ਲੋੜੀਂਦਾ ਹੈ। ਜਾਂਚ ‘ਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਆਪਣੇ ਅੰਤਰਰਾਸ਼ਟਰੀ ਸਬੰਧਾਂ ਰਾਹੀਂ ਭਾਰਤ ਅਤੇ ਹੋਰ ਯੂਰਪੀ ਦੇਸ਼ਾਂ ‘ਚ ਨਸ਼ਾ ਤਸਕਰੀ ‘ਚ ਅਹਿਮ ਭੂਮਿਕਾ ਨਿਭਾਈ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 1 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਅਗਲੀ ਜਾਂਚ ਦੌਰਾਨ ਮੋਗਾ ਪੁਲਿਸ ਨੇ ਬਟਾਲਾ ਦੇ ਪਿੰਡ ਗੋਖੂਵਾਲ ਦੇ ਵਸਨੀਕ ਸਿਮਰਨਜੋਤ ਸੰਧੂ ਨੂੰ ਮੋਗਾ ਦੇ ਪਿੰਡ ਭਲੂਰ ਤੋਂ ਗ੍ਰਿਫਤਾਰ ਕੀਤਾ ਹੈ।
ਉਸਨੇ ਦੱਸਿਆ ਕਿ ਸਿਮਰਨਜੋਤ 2002 ‘ਚ ਜਰਮਨੀ ਗਿਆ ਸੀ ਅਤੇ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਮਾਰਚ 2020 ਤੋਂ ਜੂਨ 2020 ਦੇ ਸਮੇਂ ਦੌਰਾਨ ਉਕਤ ਮੁਲਜ਼ਮ ਨੇ ਘੱਟੋ-ਘੱਟ 487 ਕਿੱਲੋ ਚੀਨੀ ਦੀ ਤਸਕਰੀ ਕੀਤੀ ਸੀ, ਜੋ ਕਿ ਬ੍ਰਾਜ਼ੀਲ ਤੋਂ ਸਪਲਾਈ ਕੀਤੀ ਜਾ ਰਹੀ ਸੀ।
ਜਰਮਨ ਦੀ ਅਦਾਲਤਾਂ ਨੇ 28 ਫਰਵਰੀ 2022 ਨੂੰ ਨਾਰਕੋਟਿਕ ਡਰੱਗਜ਼ ਐਕਟ ਦੀ ਧਾਰਾ 29 ਤਹਿਤ 8 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਸੀ ਪਰ ਇਸ ਤੋਂ ਬਚਣ ਲਈ ਉਹ ਪਹਿਲਾਂ ਹੀ ਜੁਲਾਈ 2023 ‘ਚ ਦੁਬਈ ਭੱਜ ਗਿਆ ਸੀ ਅਤੇ ਸਤੰਬਰ 2023 ‘ਚ ਫਿਰ ਭਾਰਤ ਆ ਗਿਆ ਸੀ।
ਮੁਲਜ਼ਮ ਸਿਮਰਨਜੋਤ 11 ਮਹੀਨਿਆਂ ਤੋਂ ਗ੍ਰਿਫਤਾਰੀ ਤੋਂ ਬਚਣ ਲਈ ਅੰਮ੍ਰਿਤਸਰ, ਚੰਡੀਗੜ੍ਹ, ਰਾਜਸਥਾਨ, ਮੋਗਾ ਆਦਿ ਸਮੇਤ ਭਾਰਤ ‘ਚ ਵੱਖ-ਵੱਖ ਥਾਵਾਂ ‘ਤੇ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਭਾਰਤ ਵਿੱਚ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਨ ਲਈ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਜਾ ਰਹੀ ਹੈ।