ਲੁਧਿਆਣਾ, 5 ਨਵੰਬਰ 2024: ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਨਾਲ ਸ਼ਿਵ ਸੈਨਾ ਆਗੂਆਂ (Shiv Sena leaders) ‘ਤੇ ਪੈਟਰੋਲ ਬੰ.ਬ ਹਮਲੇ ਮਾਮਲਿਆਂ ‘ਚ ਵੱਡੀ ਕਰਵਾਈ ਕਰਦਿਆਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਇਸ ਮਾਮਲੇ ‘ਚ ਬੀਕੇਆਈ ਦੀ ਹਮਾਇਤ ਵਾਲੇ ਵਿਦੇਸ਼ੀ ਹੈਂਡਲਰ ਹਰਜੀਤ ਸਿੰਘ ਉਰਫ਼ ਲਾਡੀ ਅਤੇ ਸਾਬੀ ਮਾਡਿਊਲ ਦੇ ਚਾਰ ਮੈਂਬਰਾਂ ਨੂੰ ਫੜਿਆ ਹੈ |
ਇਸ ਗ੍ਰਿਫਤਾਰੀਆਂ ਸੰਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਬੂਥਗੜ੍ਹ (ਲੁਧਿਆਣਾ) , ਰਵਿੰਦਰਪਾਲ ਸਿੰਘ ਉਰਫ਼ ਰਵੀ (38 ਸਾਲ ), ਮਨੀਸ਼ ਸਾਹਿਦ ਉਰਫ਼ ਸੰਜੂ (30 ਸਾਲ ) ਅਤੇ ਅਨਿਲ ਕੁਮਾਰ ਉਰਫ਼ ਹਨੀ (27 ਸਾਲ) ਇਹ ਤਿੰਨ ਜਣੇ ਜ਼ਿਲ੍ਹਾ ਨਵਾਂਸ਼ਹਿਰ ਦੇ ਵਸਨੀਕ ਹਨ | ਇਸਦੇ ਨਾਲ ਹੀ ਵਾਰਦਾਤ ‘ਚ ਇਸਤੇਮਾਲ ਟੀਵੀਐਸ ਰੇਡਰ ਮੋਟਰਸਾਈਕਲ (ਪੀਬੀ 32 ਏਸੀ 3770) ਸਮੇਤ ਦੋ ਦੋ ਮੋਬਾਈਲ ਫੋਨ ਜਬਤ ਕੀਤੇ ਗਏ ਹਨ |
ਇਸਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 16 ਅਕਤੂਬਰ, 2024 ਨੂੰ ਯੋਗੇਸ਼ ਬਖਸ਼ੀ ਅਤੇ 2 ਨਵੰਬਰ, 2024 ਨੂੰ ਲੁਧਿਆਣਾ ਵਿੱਚ ਹਰਕੀਰਤ ਸਿੰਘ ਖੁਰਾਣਾ ਦੀ ਰਿਹਾਇਸ਼ ‘ਤੇ ਹਮਲਾ ਕੀਤਾ ਗਿਆ ਸੀ, ਦੋਵੇਂ ਘਟਨਾਵਾਂ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ |
ਜ਼ਿਕਰਯੋਗ ਹੈ ਕਿ 16 ਅਕਤੂਬਰ 2024 ਨੂੰ ਰਾਤ ਕਰੀਬ 9.40 ਵਜੇ ਲੁਧਿਆਣਾ ਦੇ ਹੈਬੋਵਾਲ ਦੇ ਨਿਊ ਚੰਦਰ ਨਗਰ ਸਥਿਤ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ (Shiv Sena leaders)) ਦੇ ਘਰ 3 ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਬੰ.ਬ ਸੁੱਟਿਆ ਸੀ। ਇਸ ਘਟਨਾ ਦੇ ਕਰੀਬ 15 ਦਿਨ ਬਾਅਦ ਸ਼ਨੀਵਾਰ ਰਾਤ ਨੂੰ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਦੇ ਘਰ ‘ਤੇ (Shiv Sena leaders) ਅਜਿਹਾ ਹੀ ਪੈਟਰੋਲ ਬੰ.ਬ ਹਮਲਾ ਹੋਇਆ।
ਡੀਜੀਪੀ ਗੌਰਵ ਯਾਦਵ ਦੇ ਮੁਤਾਬਕ ਵਿਦੇਸ਼ੀ ਹੈਂਡਲਰ ਹਰਜੀਤ ਸਿੰਘ ਉਰਫ਼ ਲਾਡੀ ਵੀ ਪੰਜਾਬ ਦੇ ਨੰਗਲ ‘ਚ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ‘ਚ ਲੋੜੀਂਦਾ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (NIA) ਨੇ ਉਸ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਇਸ ਮਾਮਲੇ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ (ਸੀ.ਪੀ.) ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਸੰਬੰਧੀ ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀਆਂ ਵੱਖ-ਵੱਖ ਟੀਮਾਂ ਨੇ ਦੋਵਾਂ ਮਾਮਲਿਆਂ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਸੀਆਈ ਟੀਮ ਦੀ ਅਗਵਾਈ ਏਆਈਜੀ ਸਿਮਰਤਪਾਲ ਸਿੰਘ ਢੀਂਡਸਾ ਕਰ ਰਹੇ ਸਨ, ਜਦਕਿ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਅਮਨਦੀਪ ਸਿੰਘ ਬਰਾੜ, ਏਡੀਸੀਪੀ ਜ਼ੋਨ-3 ਲੁਧਿਆਣਾ ਰਮਨਦੀਪ ਸਿੰਘ ਭੁੱਲਰ, ਏਸੀਪੀ ਸਿਵਲ ਲਾਈਨ ਲੁਧਿਆਣਾ ਆਕਰਸ਼ੀ ਜੈਨ ਅਤੇ ਏਸੀਪੀ ਪੱਛਮੀ ਲੁਧਿਆਣਾ ਗੁਰਦੇਵ ਸਿੰਘ ਨੇ ਵੱਖ-ਵੱਖ ਟੀਮਾਂ ਦੀ ਅਗਵਾਈ ਕੀਤੀ ਹੈ ।
ਸੀਪੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਇਕੱਤਰ ਕੀਤੇ ਤਕਨੀਕੀ ਸਬੂਤਾਂ ਦੇ ਨਾਲ ਡੂੰਘਾਈ ਨਾਲ ਜਾਂਚ ਕਰਕੇ ਇਨ੍ਹਾਂ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਦੋਵੇਂ ਵਾਰਦਾਤਾਂ ਨੂੰ ਆਜ਼ਮ ਦਿੱਤਾ ਹੈ | ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਵੱਲੋਂ ਦੋਵਾਂ ਅਪਰਾਧਾਂ ‘ਚ ਵਰਤਿਆ ਲਾਲ ਰੰਗ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।
ਸੀਪੀ ਨੇ ਦੱਸਿਆ ਕਿ ਮੁਲਜ਼ਮ ਅਨਿਲ ਉਰਫ਼ ਹਨੀ ਅਤੇ ਰਵਿੰਦਰ ਉਰਫ਼ ਰਵੀ ਦੋਵੇਂ ਵਾਰਦਾਤਾਂ ‘ਚ ਸ਼ਾਮਲ ਪਾਏ ਗਏ ਹਨ, ਜਦੋਂਕਿ ਗ੍ਰਿਫ਼ਤਾਰ ਮੁਲਜ਼ਮ ਜਸਵਿੰਦਰ ਉਰਫ਼ ਬਿੰਦਰ ਹੈਬੋਵਾਲ ਵਿੱਚ ਵਾਪਰੀ ਵਾਰਦਾਤ ‘ਚ ਉਨ੍ਹਾਂ ਦੇ ਨਾਲ ਸੀ। ਸੀਪੀ ਨੇ ਕਿਹਾ ਕਿ ਉਨ੍ਹਾਂ ਨੇ ਮਾਡਲ ਟਾਊਨ ਐਕਸਟੈਂਸ਼ਨ ‘ਚ ਪੈਟਰੋਲ ਬੰ.ਬ ਸੁੱਟਣ ਵਾਲੇ ਤੀਜੇ ਵਿਅਕਤੀ ਦੀ ਵੀ ਪਛਾਣ ਕਰ ਲਈ ਹੈ ਅਤੇ ਪੁਲਿਸ ਟੀਮਾਂ ਉਕਤ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।