Personal Data

ਪੰਜਾਬ ਪੁਲਿਸ ਦੀ ਲੋਕਾਂ ਨੂੰ ਅਪੀਲ, ਅਣਅਧਿਕਾਰਤ ਵਿਅਕਤੀਆਂ ਨਾਲ ਆਪਣਾ ਨਿੱਜੀ ਡੇਟਾ ਸਾਂਝਾ ਨਾ ਕਰਨ

ਚੰਡੀਗੜ੍ਹ, 20 ਅਗਸਤ 2025: ਪੰਜਾਬ ਪੁਲਿਸ ਨੇ ਕਥਿਤ ਤੌਰ ‘ਤੇ ਸਰਕਾਰੀ ਯੋਜਨਾਵਾਂ ਦੇ ਨਾਮ ‘ਤੇ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਵਾਲੇ ਕੈਂਪਾਂ ਦੀ ਜਾਂਚ ਲਈ ਕਈ ਟੀਮਾਂ ਬਣਾਈਆਂ ਹਨ | ਪੰਜਾਬ ਪੁਲਿਸ ਮੁਤਾਬਕ ਇਹ ਜਾਂਚ ਅਣਅਧਿਕਾਰਤ ਵਿਅਕਤੀਆਂ ਵੱਲੋਂ ਕੈਂਪ ਲਗਾ ਕੇ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਸਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਸ਼ੁਰੂ ਕੀਤੀ ਹੈ, ਜਿਸ ਨਾਲ ਵਿਅਕਤੀਆਂ ਦੇ ਨਿੱਜੀ ਡੇਟਾ ਚੋਰੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਬੈਂਕ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੈਂਪਾਂ ‘ਚ ਫਾਰਮ ਭਰੇ ਜਾ ਰਹੇ ਹਨ।

ਜ਼ਿਲ੍ਹਾ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਟੀਮਾਂ ਨੂੰ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰਨ, ਕੈਂਪ ਲਗਾਉਣ ਵਾਲੀਆਂ ਕਥਿਤ ਥਾਵਾਂ ਦਾ ਦੌਰਾ ਕਰਨ ਅਤੇ ਕਾਨੂੰਨ ਅਨੁਸਾਰ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਪੰਜਾਬ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਨਿੱਜੀ ਡਾਟਾ, ਜਿਸ ‘ਚ ਆਧਾਰ ਕਾਰਡ ਆਦਿ ਸ਼ਾਮਲ ਹਨ, ਅਣਅਧਿਕਾਰਤ ਵਿਅਕਤੀਆਂ ਨਾਲ ਸਾਂਝਾ ਨਾ ਕਰਨ ਅਤੇ ਸਰਕਾਰੀ ਯੋਜਨਾਵਾਂ ਤੱਕ ਸਿੱਧੇ ਆਨਲਾਈਨ ਜਾਂ ਅਧਿਕਾਰਤ ਵਿਧੀਆਂ ਰਾਹੀਂ ਪਹੁੰਚ ਕਰਨ।

ਪੰਜਾਬ ਪੁਲਿਸ ਨੇ ਦੱਸਿਆ ਕਿ ਸਰਕਾਰੀ ਸੁਵਿਧਾ ਕੇਂਦਰ ਉਨ੍ਹਾਂ ਨਾਗਰਿਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਜੋ ਸਰਕਾਰੀ ਯੋਜਨਾਵਾਂ ‘ਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ ਜਾਂ ਲਾਭਪਾਤਰੀ ਕਾਰਡ ਡਾਊਨਲੋਡ ਕਰਨਾ ਚਾਹੁੰਦੇ ਹਨ ਜੋ ਡੇਟਾਬੇਸ ਤੋਂ ਬਿਨੈਕਾਰ ਦੀ ਪਛਾਣ ਦੀ ਪ੍ਰਮਾਣਿਕਤਾ ਤੋਂ ਬਾਅਦ ਉਪਲਬੱਧ ਹੁੰਦੇ ਹਨ।

Read More: ਪੰਜਾਬ ਪੁਲਿਸ ਵੱਲੋਂ ਬੀਕੇਆਈ ਨਾਲ ਜੁੜੇ ਨੈੱਟਵਰਕ ਦਾ ਪਰਦਾਫਾਸ਼, ਹੈਂਡ ਗ੍ਰ.ਨੇ.ਡ ਬਰਾਮਦ

Scroll to Top