June 30, 2024 10:59 pm
Punjab Police

ਪੰਜਾਬ ਪੁਲਿਸ ਨੇ STF ਨਾਲ ਮਿਲ ਕੇ ਫਿਰੋਜ਼ਪੁਰ ਰੇਂਜ ‘ਚ ਚਲਾਇਆ ਵਿਸ਼ੇਸ਼ ਆਪ੍ਰੇਸ਼ਨ, 19 ਵਿਅਕਤੀ ਗ੍ਰਿਫਤਾਰ

ਚੰਡੀਗੜ੍ਹ, 26 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ (Punjab Police) ਨੇ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਨਾਲ ਮਿਲ ਕੇ ਮੰਗਲਵਾਰ ਦੂਜੇ ਦਿਨ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ। ਅੱਜ ਇਹ ਕਾਰਾਵਾਈ ਫਿਰੋਜ਼ਪੁਰ ਰੇਂਜ ਵਿੱਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤੇ ਕੀਤੀ ਗਈ।

ਇਹ ਮੁਹਿੰਮ ਪੰਜਾਬ ਪੁਲਿਸ ਵੱਲੋਂ ਬਠਿੰਡਾ ਰੇਂਜ ਵਿੱਚ ਚਲਾਈ ਗਈ ਵਿਸ਼ੇਸ਼ ਘੇਰਾਬਦੀ ਅਤੇ ਤਲਾਸ਼ੀ ਮੁਹਿੰਮ ਤੋਂ ਇੱਕ ਦਿਨ ਬਾਅਦ ਚਲਾਈ ਗਈ। ਦੱਸਣਯੋਗ ਹੈ ਕਿ ਬਠਿੰਡਾ ਰੇਂਜ ਪੁਲਿਸ ਵੱਲੋਂ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ 33 ਐਫ.ਆਈ.ਆਰ. ਦਰਜ ਕਰਨ ਉਪਰੰਤ 41 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਸੀ।

ਅੱਜ ਇਹ ਅਪਰੇਸ਼ਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਸਮੇਤ ਫਿਰੋਜ਼ਪੁਰ ਰੇਂਜ ਦੇ ਦੋਵਾਂ ਪੁਲਿਸ ਜ਼ਿਲ੍ਹਿਆਂ (Punjab Police) ਵਿੱਚ ਇੱਕੋ ਸਮੇਂ ਬਾਅਦ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਚਲਾਇਆ ਗਿਆ ਸੀ ਅਤੇ ਐਸਐਸਪੀਜ਼ ਨੂੰ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ। ਇਹ ਅਪਰੇਸ਼ਨ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਅਤੇ ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਦੀ ਸਮੁੱਚੀ ਨਿਗਰਾਨੀ ਹੇਠ ਚਲਾਇਆ ਗਿਆ।

ਵੇਰਵੇ ਦਿੰਦਿਆਂ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 15 ਐਫਆਈਆਰਜ਼ ਦਰਜ ਕਰਕੇ 19 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 13.96 ਲੱਖ ਰੁਪਏ ਦੀ ਡਰੱਗ ਮਨੀ, 320 ਗ੍ਰਾਮ ਹੈਰੋਇਨ ਅਤੇ ਵੱਡੀ ਮਾਤਰਾ ‘ਚ ਲਾਹਣ ਬਰਾਮਦ ਕਰਨ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਦੇ 27 ਵਾਹਨ ਵੀ ਜ਼ਬਤ ਕੀਤੇ ਹਨ।

ਉਨ੍ਹਾਂ ਕਿਹਾ ਕਿ 1300 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮਜ਼ਬੂਤ ਫੋਰਸ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਪਛਾਣੇ ਗਏ 62 ਤੋਂ ਵੱਧ ਡਰੱਗ ਹੌਟਸਪੌਟਸ ਵਿੱਚ ਇਹ ਅਪਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ 50 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਅਜਿਹੇ ਅਪਰੇਸ਼ਨਾਂ ਨੂੰ ਅੰਜ਼ਾਮ ਦੇਣ ਦਾ ਮਕਸਦ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਲਈ ਫੀਲਡ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਅਜਿਹੇ ਅਪਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ।