ਪੰਜਾਬ, 16 ਜੁਲਾਈ 2025: ਵਿਜੀਲੈਂਸ ਟੀਮ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਸੀਨੀਅਰ ਸ਼੍ਰੋਮਣੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਦੁਬਾਰਾ ਜਾਂਚ ਲਈ ਪਹੁੰਚੀ ਹੈ। ਦੱਸਿਆ ਜਾ ਰਿਹਾ ਕਿ ਇਸ ਦੌਰਾਨ ਬਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਸਮੇਤ ਹੋਰ ਵੀ ਹਾਜ਼ਰ ਹਨ| ਇਸ ਦੌਰਾਨ ਜਾਇਦਾਦ ਦੀ ਮਾਪ-ਦੰਡ ਅਤੇ ਸਬੰਧਤ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਰੋਕਣ ਲਈ ਬਿਕਰਮ ਮਜੀਠੀਆ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਰਕਾਰੀ ਵਕੀਲ ਫੈਰੀ ਸੋਫਤ ਨੇ ਪੁਸ਼ਟੀ ਕੀਤੀ ਸੀ ਕਿ ਛਾਪਾ ਅੱਜ ਤੈਅ ਹੈ ਅਤੇ ਸਾਰੀਆਂ ਰਸਮੀ ਕਾਰਵਾਈਆਂ ਬਿਕਰਮ ਮਜੀਠੀਆ ਦੇ ਵਕੀਲ ਦੀ ਮੌਜੂਦਗੀ ‘ਚ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਜਾਂਚ ਪ੍ਰਕਿਰਿਆ ‘ਚ ਦਖਲ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਨਾ ਸਿਰਫ਼ ਬਿਕਰਮ ਮਜੀਠੀਆ ਦੇ ਘਰ, ਸਗੋਂ ਚੰਡੀਗੜ੍ਹ ਅਤੇ ਦਿੱਲੀ ‘ਚ ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਛਾਪਾ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦੇ ਹਿੱਸੇ ਵਜੋਂ ਮਾਰਿਆ ਜਾ ਰਿਹਾ ਹੈ। ਮਜੀਠੀਆ ‘ਤੇ ਪਹਿਲਾਂ ਵੀ ਕਈ ਦੋਸ਼ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ‘ਚ ਗੈਰ-ਕਾਨੂੰਨੀ ਮਾਈਨਿੰਗ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।
Read More: ਬਿਕਰਮ ਸਿੰਘ ਮਜੀਠੀਆ ਵਲੋਂ ਜੇਲ੍ਹ ‘ਚ ਬੈਰਕ ਬਦਲਣ ਦੀ ਪਟੀਸ਼ਨ ਮਾਮਲੇ ਦੀ ਸੁਣਵਾਈ