July 7, 2024 5:22 am
Gurdaspur

Punjab News: ਟਰੈਕਟਰ ‘ਤੇ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ‘ਤੇ ਟਰੈਕਟਰ ਚਾਲਕ ਨੇ ਮਾਂ-ਪੁੱਤ ਨੂੰ ਦਰੜਿਆ

ਗੁਰਦਾਸਪੁਰ, 17 ਜੂਨ, 2024: ਬੀਤੀ ਸ਼ਾਮ ਗੁਰਦਾਸਪੁਰ (Gurdaspur) ਦੇ ਪਿੰਡ ਰਹੀਮਾਬਾਦ ‘ਚ ਟਰੈਕਟਰ ਤੇ ਉੱਚੀ ਅਵਾਜ਼ ਵਿੱਚ ਕਥਿਤ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ‘ਤੇ ਟਰੈਕਟਰ ਚਾਲਕ ਨੌਜਵਾਨ ਨੇ ਇਕ ਬਜ਼ੁਰਗ ਬੀਬੀ ਅਤੇ ਉਸਦੇ ਬੇਟੇ ਨੂੰ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਾਦਸੇ ‘ਚ ਬਜ਼ੁਰਗ ਬੀਬੀ ਹਰਜੀਤ ਕੌਰ ਦੀ ਮੋਕੇ ‘ਤੇ ਮੌਤ ਹੋ ਗਈ ਅਤੇ ਉਨ੍ਹਾਂ ਦਾ ਬੇਟਾ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ |

ਇਸ ਮਾਮਲੇ ‘ਚ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰਕੇ 6 ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਾਕਰੀ ਦਿੰਦੇ ਹੋਏ ਜਖ਼ਮੀ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਅਤੇ ਉਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਏ ਹੋਏ ਸਨ |

ਜਦੋਂ ਉਸਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾਂ ਲਗਾਉਣ ਅਤੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਅਤੇ ਉਸਦੀ ਮਾਤਾ ਹਰਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਉਹ ਆਪਣੀ ਮਾਤਾ ਨੂੰ ਬਚਾਉਣ ਦੇ ਲਈ ਅੱਗੇ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਉੱਪਰ ਵੀ ਟਰੈਕਟਰ ਚੜਾ ਦਿੱਤਾ | ਜਿਸ ਦੇ ਨਾਲ ਉਸਦੀ ਸੱਜੀ ਲੱਤ ਫਰੈਕਚਰ ਹੋ ਗਈ | ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਪੀੜਤ ਨੇ ਮੰਗ ਕੀਤੀ ਹੈ ਕਿ ਉਕਤ ਮੁਲਜਮਾਂ ‘ਤੇ ਸਖ਼ਤ ਤੋਂ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਟਰੈਕਟਰ ਚਾਲਕ ਵਿਜੇ ਪਾਲ ਸਿੰਘ ਪਲਾਟ ਮਿੱਟੀ ਪਾ ਰਿਹਾ ਸੀ | ਇਸ ਦੌਰਾਨ ਉਸਨੇ ਟਰੈਕਟਰ ਉੱਪਰ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੋਏ ਸਨ | ਇਸ ਦੌਰਾਨ ਡੈਕ ਦੀ ਆਵਾਜ਼ ਘੱਟ ਕਰਵਾਉਣ ਗਏ ਹਰਜੀਤ ਕੌਰ ਅਤੇ ਨਿਸ਼ਾਨ ਸਿੰਘ ਮਾਂ-ਪੁੱਤ ‘ਤੇ ਟਰੈਕਟਰ ਚੜਾ ਦਿੱਤਾ | ਜਿਸਦੇ ਨਾਲ ਬੀਬੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦਾ ਬੇਟਾ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ | ਪੁਲਿਸ ਨੇ ਬਿਆਨ ਦਰਜ ਕਰਕੇ 6 ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।