Vigilance Bureau

Punjab News: ਅਪੰਗਤਾ ਸਰਟੀਫਿਕੇਟ ਸੰਬੰਧੀ ਰਿਸ਼ਵਤ ਮੰਗਣ ਵਾਲਾ ਸੁਰੱਖਿਆ ਗਾਰਡ ਵਿਜੀਲੈਂਸ ਵੱਲੋਂ ਕਾਬੂ

ਚੰਡੀਗੜ੍ਹ, 16 ਜਨਵਰੀ 2025: ਪੰਜਾਬ ਵਿਜੀਲੈਂਸ ਬਿਊਰੋ  (Vigilance Bureau) ਨੇ ਸਿਵਲ ਹਸਪਤਾਲ ਜਲੰਧਰ ਵਿਖੇ ਤਾਇਨਾਤ ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਨੂੰ ਇੱਕ ਪੀਸੀਐਮਐਸ ਡਾਕਟਰ ਦੇ ਨਾਮ ’ਤੇ ਰਿਸ਼ਵਤ ਮੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ | ਗ੍ਰਿਫਤਾਰ ਮੁਲਜ਼ਮ ਦੀ ਪਛਾਣ ਨਰਿੰਦਰ ਕੁਮਾਰ ਵਾਸੀ ਪਿੰਡ ਚੱਕ ਸਾਧੂ ਵਾਲਾ (ਜ਼ਿਲ੍ਹਾ ਹੁਸ਼ਿਆਰਪੁਰ) ਵਜੋਂ ਹੋਈ ਹੈ | ਮੁਲਜ਼ਮ ਨੂੰ 10,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।

ਮਾਮਲੇ ਬਾਰੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਮੱਲਾਂਵਾਲਾ ਖਾਸ, ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਲੋਕੇਸ਼ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਹੈ।

ਵਿਜੀਲੈਂਸ (Vigilance Bureau) ਮੁਤਾਬਕ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸਨੇ ਆਪਣੇ ਰਿਸ਼ਤੇਦਾਰ ਲਈ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਲਈ ਸਿਵਲ ਸਰਜਨ ਜਲੰਧਰ ਦੇ ਦਫ਼ਤਰ ‘ਚ ਇੱਕ ਆਰਥੋਪੈਡਿਕਸ ਮਾਹਰ ਕੋਲ ਪਹੁੰਚ ਕੀਤੀ ਸੀ ਪਰ ਉਹ ਈ-ਟ੍ਰਾਈਸਾਈਕਲ ਖਰੀਦਣ ਲਈ ਲੋੜੀਂਦੀ ਅਪੰਗਤਾ ਪ੍ਰਤੀਸ਼ਤਤਾ ਨੂੰ ਪੂਰਾ ਨਹੀਂ ਕਰ ਸਕਿਆ।

ਇਸ ਤੋਂ ਬਾਅਦ ਸਬੰਧਤ ਡਾਕਟਰ ਦੇ ਦਫ਼ਤਰ ਦੇ ਬਾਹਰ ਤਾਇਨਾਤ ਉਕਤ ਸੁਰੱਖਿਆ ਗਾਰਡ ਨੇ ਅਪੰਗਤਾ ਸਰਟੀਫਿਕੇਟ ‘ਚ ਪ੍ਰਤੀਸ਼ਤਤਾ ਵਧਾਉਣ ਦੇ ਬਦਲੇ 10,000 ਰੁਪਏ ਦੀ ਮੰਗੇ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਨੂੰ ਆਪਣੇ ਫ਼ੋਨ ‘ਤੇ ਰਿਕਾਰਡ ਕੀਤਾ ਅਤੇ ਇਸਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ।

ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ‘ਚ ਲਗਾਏ ਦੋਸ਼ ਤਸਦੀਕ ਦੌਰਾਨ ਸੱਚ ਪਾਏ ਗਏ ਕਿਉਂਕਿ ਉਨ੍ਹਾਂ ਨੂੰ ਮੌਖਿਕ ਸਬੂਤ ਦੇ ਨਾਲ-ਨਾਲ ਗੱਲਬਾਤ ਦੀ ਰਿਕਾਰਡਿੰਗ ਦੇ ਰੂਪ ‘ਚ ਪੇਸ਼ ਕੀਤਾ ਗਿਆ ਸੀ। ਇਸ ਪੁਸ਼ਟੀ ਰਿਪੋਰਟ ਦੇ ਆਧਾਰ ‘ਤੇ, ਉਕਤ ਮੁਲਜ਼ਮ ਨਰਿੰਦਰ ਕੁਮਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦੇ ਪੁਲਿਸ ਸਟੇਸ਼ਨ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।

Read More: ਲੁਧਿਆਣਾ ਵਿਖੇ ਗਲਾਡਾ ਦੀ ਬੀਬੀ ਕਲਰਕ ਰਿਸ਼ਵਤ ਲੈਂਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Scroll to Top