12 ਨਵੰਬਰ 2024: ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਹੁਣ ਇਸ ਧੁੰਦ (FOG) ਦੇ ਨਾਲ ਬਹੁਤ ਹਾਦਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ , ਅਜਿਹਾ ਹੀ ਇਕ ਮਾਮਲਾ ਭਵਾਨੀਗੜ੍ਹ (Bhawanigarh) ਤੋਂ ਸਾਹਮਣੇ ਆ ਰਿਹਾ ਹੈ| ਦੱਸ ਦੇਈਏ ਕਿ ਇਲਾਕੇ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਮੰਗਲਵਾਰ ਸਵੇਰੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ (Chandigarh-Bathinda National Highway) ‘ਤੇ ਸੰਗਰੂਰ ਤੋਂ ਆ ਰਹੀ ਪੀ.ਆਰ.ਟੀ.ਸੀ. ਬੱਸ ਅਤੇ ਡੀ.ਏ.ਪੀ. ਖਾਦ ਨਾਲ ਭਰੇ ਟਰੱਕ ਅਤੇ ਟਰਾਲੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।
ਹਾਦਸਾ ਭਵਾਨੀਗੜ੍ਹ ਦੇ ਬਲਿਆਲ ਕੱਟ ਨੇੜੇ ਉਸ ਸਮੇਂ ਵਾਪਰਿਆ, ਜਦੋਂ ਟਰੱਕ ਸਰਵਿਸ ਲੇਨ ‘ਤੇ ਜਾ ਰਿਹਾ ਸੀ। ਦੋਵੇਂ ਵਾਹਨਾਂ ਦੀ ਟੱਕਰ ਤੋਂ ਬਾਅਦ ਜ਼ੋਰਦਾਰ ਧਮਾਕੇ ਨਾਲ ਆਸ-ਪਾਸ ਦੇ ਲੋਕ ਡਰ ਗਏ ਅਤੇ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਉਕਤ ਹਾਦਸੇ ਵਿੱਚ ਬੱਸ ਦੇ ਕੰਡਕਟਰ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੇ ਜਵਾਨ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।