ਅੰਮ੍ਰਿਤਸਰ,18 ਜੁਲਾਈ 2024: ਪੰਜਾਬ ਪੁਲਿਸ (Punjab Police) ਨੇ ਬੀਕੇਆਈ ਸਮਰਥਕ ਮਾਡਿਊਲ ਦੇ ਇੱਕ ਕਾਰਕੁੰਨ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਇਹ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ‘ਚ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ‘ਚ ਸਨ। ਪੰਜਾਬ ਪੁਲਿਸ ਮੁਤਾਬਕ ਇਹ ਮਾਡਿਊਲ ਅਮਰੀਕਾ ਅਧਾਰਿਤ ਲੋੜੀਂਦੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਅਨ, ਜੋ ਕਿ ਹਰਵਿੰਦਰ ਸਿੰਘ ਰਿੰਦਾ ਦਾ ਸਹਿਯੋਗੀ ਦੱਸਿਆ ਜਾਂਦਾ ਹੈ, ਆਪਣੇ ਇਟਲੀ ਅਧਾਰਤ ਰੇਸ਼ਮ ਨਾਲ ਮਿਲ ਕੇ ਚਲਾ ਰਿਹਾ ਹੈ |
ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਘਣੀਏ ਕੇ ਬਾਂਗਰ, ਬਟਾਲਾ ਦਾ ਰਹਿਣ ਵਾਲਾ ਹੈ | ਪੁਲਿਸ ਨੇ (Punjab Police) ਮੁਲਜ਼ਮ ਕੋਲੋਂ .32 ਬੋਰ ਦਾ ਪਿਸਤੌਲ, 9 ਜਿੰਦਾ ਕਾਰਤੂਸ, ਦੋ ਮੈਗਜ਼ੀਨਾਂ ਇੱਕ ਗੋਲੀ ਦਾ ਖਾਲੀ ਖੋਲ ਅਤੇ ਰਾਇਲ ਐਨਫੀਲਡ ਮੋਟਰਸਾਈਕਲ ਜ਼ਬਤ ਕੀਤਾ ਹੈ | ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਅਤੇ ਭਾਰਤੀ ਨਿਆ ਸੰਹਿਤਾ (BNS) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |