ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਬੰਧਤ ਖੇਤਰਾਂ ਦੇ ਸਕੂਲਾਂ ਦਾ ਨਾਂ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਨਾਂ ‘ਤੇ ਰੱਖਿਆ ਹੈ।
ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂ ‘ਤੇ ਸਕੂਲਾਂ ਦੇ ਨਾਂ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ) ਮਿੱਠਾਪੁਰ, ਜਲੰਧਰ ਦਾ ਨਾਂ ਸਾਡੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ।
ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਜੀਐਸਐਸਐਸ ਟਿੰਮੋਵਾਲ ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਛੇ ਗੋਲ ਦੇ ਨਾਲ ਭਾਰਤ ਲਈ ਓਲੰਪਿਕ ਵਿੱਚ ਚੋਟੀ ਦੇ ਸਕੋਰਰ ਸਨ। ਉਨ੍ਹਾਂ ਕਿਹਾ ਕਿ ਹੁਣ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਜੀਐਸਐਸਐਸ, ਟਿੰਮੋਵਾਲ ਵਜੋਂ ਜਾਣਿਆ ਜਾਵੇਗਾ।
ਸਿੰਗਲਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਉਲੰਪੀਅਨ ਮਨਦੀਪ ਸਿੰਘ ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਅਤੇ ਡਿਫੈਂਸ ਖਿਡਾਰੀ ਹੋਣ ਦੇ ਨਾਤੇ ਓਲੰਪਿਕ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੀਐਸਐਸਐਸ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸ਼ਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ ਜੋ ਟੂਰਨਾਮੈਂਟ ਦੌਰਾਨ ਇੱਕ ਸਫਲ ਮਿਡਫੀਲਡਰ ਸੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿੱਚ 4 ਗੋਲ ਕੀਤੇ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਹਾਰਦਿਕ ਨੇ ਨਾਕ ਆਉਟ ਪੜਾਅ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਲੈਹਰਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲੈਹੜਾ, ਅੰਮ੍ਰਿਤਸਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੀਐਸਐਸਐਸ ਬੁਤਾਲਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਦਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ, ਅੰਮ੍ਰਿਤਸਰ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਗੁਰਜੰਟ ਅਤੇ ਦਿਲਪ੍ਰੀਤ ਦੋਵੇਂ ਭਾਰਤੀ ਹਾਕੀ ਟੀਮ ਵਿੱਚ ਸਟਰਾਈਕਰ ਵਜੋਂ ਖੇਡ ਰਹੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਿਮਰਨਜੀਤ ਦੇ ਦੋ ਗੋਲ ਕਰਨ ਦੇ ਸਨਮਾਨ ਵਜੋਂ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਂ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੀਐਸਐਸਐਸ ਹੁਸੈਨਪੁਰ, ਆਰਸੀਐਫ, ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰਸੀਐਫ, ਕਪੂਰਥਲਾ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿੱਚ ਰਿਜ਼ਰਵ ਗੋਲਕੀਪਰ ਵਜੋਂ ਖੇਡੇ ਸਨ।
ਸਿੰਗਲਾ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਹੈ ਅਤੇ ਇਸ ਨੇ ਦੇਸ਼ ਵਿੱਚ ਓਲੰਪਿਕ ਵਿੱਚ ਦੂਜੀ ਸਭ ਤੋਂ ਵੱਡੀ ਟੁਕੜੀ ਭੇਜੀ ਹੈ ਕਿਉਂਕਿ ਕੁੱਲ 124 ਵਿੱਚੋਂ 20 ਖਿਡਾਰੀ ਪੰਜਾਬ ਦੇ ਸਨ।
ਸਿੰਗਲਾ, ਜੋ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਸੰਭਾਲ ਰਹੇ ਹਨ, ਓਹਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂ ਵੀ ਉਨ੍ਹਾਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਰੁਚੀਆਂ ਦੀ ਖੇਡ ਗਤੀਵਿਧੀਆਂ ਵਿੱਚ ਉੱਤਮ ਹੋਣ ਲਈ ਪ੍ਰੇਰਿਤ ਕਰੇਗਾ।