ਚੰਡੀਗੜ੍ਹ, 23 ਫਰਵਰੀ 2023: ਪੰਜਾਬ ਵਿੱਚ ਕਾਰੋਬਾਰ ਲਈ ਮਾਹੌਲ ਸਾਜ਼ਗਾਰ ਹੋਣ ਦੀ ਗੱਲ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਨਿਵੇਸ਼ ਲਈ ਢੁੱਕਵਾਂ ਮਾਹੌਲ ਸਿਰਜਣ ਦੇ ਨਾਲ ਨਾਲ ਪੰਜਾਬ ਤੇ ਜਾਪਾਨ ਦਰਮਿਆਨ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ।
ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐਸ.ਬੀ.), ਮੋਹਾਲੀ ਵਿਖੇ ਕਰਵਾਏ ਗਏ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੇ ਪਹਿਲੇ ਦਿਨ “ਜਾਪਾਨ- ਪਾਰਟਨਰ ਕੰਟਰੀ” ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ (Aman Arora) ਨੇ ਕਿਹਾ ਕਿ ਕਾਰੋਬਾਰ ਨੂੰ ਹੋਰ ਸੌਖਾਲਾ ਬਣਾਉਣਾ, ਰੋਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨਾ, ਮਜ਼ਬੂਤ ਬੁਨਿਆਦੀ ਢਾਂਚੇ ਤੱਕ ਪਹੁੰਚ ਅਤੇ ਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣਾ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਹਨ।
ਕੌਮੀ ਆਰਥਿਕ ਵਿਕਾਸ ਵਿੱਚ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਕੁੱਲ ਰਕਬਾ ਭਾਰਤ ਦੇ ਭੂਮੀ ਖੇਤਰ ਦਾ ਮਹਿਜ਼ 1.5 ਫੀਸਦ ਬਣਦਾ ਹੈ ਪਰ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਸੂਬੇ ਦਾ ਯੋਗਦਾਨ 3 ਫੀਸਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੌਮਾਂਤਰੀ ਪੱਧਰ ਉਤੇ ਕਾਰੋਬਾਰ ਵਾਲੀ ਨਵੀਂ ਥਾਂ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤ ਦੇ ਅੰਨ ਭੰਡਾਰ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਕੇਂਦਰੀ ਪੂਲ ਦੇ ਅਨਾਜ ਵਿੱਚ ਸੂਬਾ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ।
ਪੰਜਾਬ ਵਿੱਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਸਾਈਕਲ ਨਿਰਮਾਣ, ਇੰਜਨੀਅਰਿੰਗ, ਆਟੋ ਕੰਪੋਨੈਂਟਸ, ਮਸ਼ੀਨ ਟੂਲਜ਼, ਫਾਰਮਾਸਿਊਟੀਕਲ, ਆਈ.ਟੀ. ਅਤੇ ਸੈਰ-ਸਪਾਟਾ ਖੇਤਰ ਵਿੱਚ ਅਥਾਹ ਸਮਰੱਥਾ ਹੈ ਅਤੇ ਪੰਜਾਬ ਦੀ ਅਰਥਵਿਵਸਥਾ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜਾਪਾਨ ਨਾਲ ਲੰਬੇ ਸਮੇਂ ਤੋਂ ਸੱਭਿਆਚਾਰਕ ਅਤੇ ਦੁਵੱਲੇ ਵਪਾਰਕ ਸਬੰਧ ਚੱਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਜਾਪਾਨ ਨੂੰ 336 ਕਰੋੜ ਰੁਪਏ ਦੀਆਂ ਵਸਤਾਂ ਬਰਾਮਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਾਪਾਨ, ਉਦਯੋਗੀਕਰਨ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਾਸਤੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। ਡੈਲੀਗੇਟਾਂ ਨੂੰ ਨਿਵੇਸ਼ ਲਈ ਬਿਹਤਰੀਨ ਸੂਬੇ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਨੇ ਪੰਜਾਬ ਨੂੰ ਵਪਾਰ ਲਈ ਸਭ ਤੋਂ ਸੁਰੱਖਿਅਤ ਸਥਾਨ ਦੱਸਿਆ।
ਸੂਬੇ ਵਿੱਚ 100 ਤੋਂ ਵੱਧ ਜਾਪਾਨੀ ਵਪਾਰਕ ਅਦਾਰਿਆਂ ਦੇ ਹੋਣ ਦਾ ਜ਼ਿਕਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਵੱਲੋਂ ਨਿਰਮਾਣ, ਟੈਕਨਾਲੋਜੀ, ਮਾਰਕੀਟ ਸਹਾਇਤਾ ਜਿਹੇ ਖੇਤਰਾਂ ਵਿੱਚ ਜਾਪਾਨ ਦੇ ਉਦਯੋਗਾਂ ਨਾਲ ਕੀਤੀ ਭਾਈਵਾਲੀ ਸਫ਼ਲ ਰਹੀ ਹੈ। ਸੂਬੇ ਵਿੱਚ ਨਿਵੇਸ਼ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ ਆਈਚੀ ਸਟੀਲਜ਼- ਸਟੀਲ ਆਰਮ ਆਫ਼ ਟੋਇਟਾ, ਯਾਨਮਾਰ, ਐਸਐਮਐਲ ਇਸੂਜ਼ੂ, ਟੋਪਾਨ, ਮਿਤਸੂਈ, ਗੁਨਮਾ ਸੇਈਕੋ ਐਂਡ ਕੋਇਓ ਸ਼ਾਮਲ ਹਨ।
ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਢਾਕਾ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਦਿੱਤੇ ਜਾ ਰਹੇ ਪ੍ਰੋਤਸਾਹਨ ਅਤੇ ਹੋਰ ਸੇਵਾਵਾਂ ਬਾਰੇ ਪੇਸ਼ਕਾਰੀ ਦਿੰਦੇ ਹੋਏ ਕਿਹਾ ਕਿ ਬਿਜਲੀ ਸਰਪਲੱਸ ਸੂਬੇ ਪੰਜਾਬ ਵਿੱਚ ਬਿਜਲੀ ਡਿਊਟੀ ਵਿੱਚ ਛੋਟ ਦੇ ਨਾਲ-ਨਾਲ ਲੈਂਡ ਡਿਵੈੱਲਪਮੈਂਟ ਚਾਰਜ ਅਤੇ ਸਟੈਂਪ ਡਿਊਟੀ ਤੋਂ 100 ਫੀਸਦ ਛੋਟ/ਮੁਆਵਜ਼ੇ ਦੀ ਸਹੂਲਤ ਵੀ ਦੇ ਰਿਹਾ ਹੈ। ਪੰਜਾਬ ਵਿੱਚ ਬਿਹਤਰੀਨ ਸੜਕ ਨੈੱਟਵਰਕ ਦੇ ਨਾਲ ਨਾਲ ਉੱਤਮ ਲਾਜਿਸਟਿਕਸ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਦੋ ਅੰਤਰਰਾਸ਼ਟਰੀ ਅਤੇ ਚਾਰ ਘਰੇਲੂ ਹਵਾਈ ਅੱਡੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਕੰਮ ਕਰ ਰਹੀਆਂ ਜਾਪਾਨੀ ਕੰਪਨੀਆਂ ਨੂੰ ਪੁਖ਼ਤਾ ਤੇ ਸੁਚਾਰੂ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਇਨਵੈਸਟ ਪੰਜਾਬ ਵਿਖੇ ਇੱਕ ਸਮਰਪਿਤ ਜਾਪਾਨ ਡੈਸਕ ਸਥਾਪਤ ਕੀਤਾ ਹੈ, ਜੋ ਇੱਕੋ ਥਾਂ ’ਤੇ ਸਾਰੇ ਨਵੇਂ ਅਤੇ ਮੌਜੂਦਾ ਨਿਵੇਸ਼ਕਾਂ ਨੂੰ ਸੰਪਰਕ ਉਪਲਬਧ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜਾਪਾਨੀ ਨਿਵੇਸ਼ ਲਈ ਸੂਬੇ ਅੰਦਰ ਜਾਪਾਨ ਸਪੈਸੀਫਿਕ ਉਦਯੋਗਿਕ ਟਾਊਨਸ਼ਿਪ ਵੀ ਵਿਕਸਤ ਕਰ ਸਕਦਾ ਹੈ, ਜਿਸ ਤਹਿਤ ਜ਼ਮੀਨ, ਬਿਜਲੀ, ਪਾਣੀ, ਆਸਾਨ ਸੜਕ ਸੰਪਰਕ ਅਤੇ ਪਹਿਲਾਂ ਤੋਂ ਪ੍ਰਵਾਨਿਤ ਮਨਜ਼ੂਰੀਆਂ ਆਦਿ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਦੌਰਾਨ ਮੰਤਰੀ ਅਤੇ ਜਾਪਾਨ ਦੇ ਮਿਸ਼ਨ ਅੰਬੈਸੀ ਦੇ ਡਿਪਟੀ ਚੀਫ ਕੇ. ਕਵਾਜ਼ੂ ਨੇ ਇਹ ਸ਼ਾਨਦਾਰ ਸਮਾਗਮ ਕਰਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨਾਲ ਪੰਜਾਬ ਅਤੇ ਜਾਪਾਨ ਦਰਮਿਆਨ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਦੌਰਾਨ ਅਮਨ ਅਰੋੜਾ ਨੇ ਕਵਾਜ਼ੂ, ਵਾਈਸ ਚੇਅਰਮੈਨ/ਐਮਡੀ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਸਚਿਤ ਜੈਨ, ਜਨਰਲ ਮੈਨੇਜਰ ਐਨਰਜੀ ਡਿਵੀਜ਼ਨ ਮਿਤਸੁਈ ਐਂਡ ਕੰਪਨੀ ਇੰਡੀਆ ਪ੍ਰਾਈਵੇਟ ਲਿਮ. ਤਾਇਸ਼ੀ ਕਵਾਈ, ਡਾਇਰੈਕਟਰ ਓ.ਜੇ.ਆਈ. ਇੰਡੀਆ ਪੈਕੇਜਿੰਗ ਪ੍ਰਾਈਵੇਟ ਲਿਮ. ਰਯੁਚੀ ਅਸਾਈ, ਐੱਸ.ਐੱਮ.ਐੱਲ. ਇਸੂਜੂ ਲਿਮਟਿਡ ਦੇ ਐੱਮਡੀ ਜੁਨਿਆ ਯਾਮਾਨਿਸ਼ੀ ਅਤੇ ਚੀਫ ਡਾਇਰੈਕਟਰ ਜਨਰਲ ਜੀਟਰੋ ਇੰਡੀਆ ਤਾਕਸੀ ਸੁਜ਼ੂਕੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।