SKOCH

ਪੰਜਾਬ ਕਿਰਤ ਵਿਭਾਗ ਨੂੰ ‘BOC ਵਰਕਰ ਵੈਲਫੇਅਰ ਸਕੀਮਾਂ’ ਲਈ ਵੱਕਾਰੀ SKOCH ਐਵਾਰਡ ਮਿਲਿਆ

ਚੰਡੀਗੜ੍ਹ, 29 ਅਗਸਤ 2024: ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੂੰ ਸਕੌਚ ਐਵਾਰਡ 2024 (SKOCH Award) ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਬੋਰਡ ਨੂੰ ਨਵੀਂ ਦਿੱਲੀ ਵਿਖੇ 21 ਸਤੰਬਰ ਨੂੰ 99ਵੇਂ ਸਕੌਚ ਸੰਮੇਲਨ ਦੌਰਾਨ ਦਿੱਤਾ ਜਾਵੇਗਾ |

ਇਹ ਵੱਕਾਰੀ ਪੁਰਸਕਾਰ 2003 ‘ਚ ਸ਼ੁਰੂ ਹੋਇਆ ਸੀ ਅਤੇ ਇਹ ਭਾਰਤ ਦੀ ਪ੍ਰਗਤੀ ਤੇ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ਵਾਲੇ ਲੋਕਾਂ, ਪ੍ਰਾਜੈਕਟਾਂ ਅਤੇ ਸੰਸਥਾਵਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਸ ਨੂੰ ਪ੍ਰਸ਼ਾਸਨ, ਵਿੱਤ ਅਤੇ ਤਕਨਾਲੋਜੀ ਵਰਗੇ ਖੇਤਰਾਂ ‘ਚ ਬਿਹਤਰ ਅਭਿਆਸਾਂ ਲਈ ਇੱਕ ਮਿਆਰ ਵਜੋਂ ਵੀ ਦੇਖਿਆ ਜਾਂਦਾ ਹੈ।

ਪੰਜਾਬ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਸ ਸਾਲ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਵਿਭਾਗਾਂ ਨੇ ਸਕੌਚ ਐਵਾਰਡ (SKOCH Award) ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ | ਕਿਰਤ ਵਿਭਾਗ ਦੇ ਪੰਜਾਬ ਬੀ.ਓ.ਸੀ. ਵੈਲਫੇਅਰ ਬੋਰਡ, ਜੋ ਕਿ ਉਸਾਰੀ ਕਿਰਤੀਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ| ਉਨ੍ਹਾਂ ਨੇ “ਲੇਬਰ ਨੀਤੀ ਵਿਕਾਸ ਅਤੇ ਲਾਗੂਕਰਨ” ਦੀ ਸ਼੍ਰੇਣੀ ਤਹਿਤ “ਲੇਬਰ” ਡੋਮੇਨ ‘ਚ “ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਸਕੀਮਾਂ” ਨਾਮੀ ਪ੍ਰਾਜੈਕਟ ਤਹਿਤ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁਲਾਂਕਣ ਜਿਊਰੀ ਮੈਂਬਰਾਂ ਦੇ ਇੱਕ ਪੈਨਲ ਦੁਆਰਾ ਕੀਤਾ ਗਿਆ ਹੈ, ਇਸ ‘ਚ ਸੇਵਾਮੁਕਤ ਨੌਕਰਸ਼ਾਹ ਅਤੇ ਉੱਘੀਆਂ ਹਸਤੀਆਂ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਬੋਰਡ ਨੇ ਉਸਾਰੀ ਕਿਰਤੀਆਂ ਦੇ ਸਸ਼ਕਤੀਕਰਨ ਅਤੇ ਭਲਾਈ ਲਈ ਬਿਹਤਰ ਪ੍ਰਸ਼ਾਸਨ ਦੇ ਸੱਤ ਸਿਧਾਂਤਾਂ ਪ੍ਰਤੀ ਕੀਤੇ ਯਤਨਾਂ ਨੂੰ ਉਜਾਗਰ ਕੀਤਾ। ਇਸ ਸਬੰਧੀ ਵੋਟਿੰਗ ਦੌਰਾਨ ਪੰਜਾਬ ਨੂੰ ਸਭ ਤੋਂ ਵੱਧ ਵੋਟਾਂ ਪਈਆਂ, ਜਦੋਂ ਕਿ ਮਹਾਰਾਸ਼ਟਰ ਦੂਜੇ ਨੰਬਰ ‘ਤੇ ਰਿਹਾ। ਇਨ੍ਹਾਂ ਤਿੰਨ ਪੜਾਵਾਂ ਤੋਂ ਬਾਅਦ ਪੰਜਾਬ ਬੀ.ਓ.ਸੀ. ਵੈਲਫੇਅਰ ਬੋਰਡ ਨੂੰ “ਆਰਡਰ ਆਫ ਮੈਰਿਟ” ਪ੍ਰਦਾਨ ਕੀਤਾ ਗਿਆ ਸੀ।

ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਬੋਰਡ ਨੇ ਆਪਣੀਆਂ ਭਲਾਈ ਸਕੀਮਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸੌਖਾ ਬਣਾਇਆ ਸੀ ਅਤੇ ਕਈ ਸਕੀਮਾਂ ਖਾਸ ਕਰਕੇ ਵਜੀਫਾ, ਸ਼ਗਨ ਅਤੇ ਐਕਸ-ਗ੍ਰੇਸ਼ੀਆ ਸਕੀਮਾਂ ‘ਚ ਕਈ ਨਵੀਆਂ ਵਿਵਸਥਾਵਾਂ ਸ਼ਾਮਲ ਕੀਤੀਆਂ ਸਨ। ਭਲਾਈ ਸਕੀਮਾਂ ਲਈ ਅਪਲਾਈ ਕਰਨ ਦੀ ਉਡੀਕ ਦੀ ਮਿਆਦ ਖਤਮ ਕਰ ਦਿੱਤੀ ਗਈ ਸੀ ਅਤੇ ਭਲਾਈ ਸਕੀਮਾਂ ਲਈ ਅਰਜ਼ੀ ਦੀ ਸਮਾਂ ਸੀਮਾ ਇੱਕ ਸਾਲ ਵਧਾ ਦਿੱਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮਜ਼ਦੂਰਾਂ ਦੀ ਸਹੂਲਤ ਲਈ ਹੁਣ ਕੰਮ ਦੇ ਸਬੂਤ ਨਾਲ ਸਬੰਧਤ ਘੋਸ਼ਣਾ ਪੱਤਰ ਦੀ ਤਸਦੀਕ ਠੇਕੇਦਾਰ ਜਾਂ ਬੋਰਡ ਵੱਲੋਂ ਨਾਮਜ਼ਦ ਕੀਤੇ ਅਧਿਕਾਰੀ ਕਰ ਸਕਦੇ ਹਨ।

Scroll to Top