ਪੰਜਾਬ ਕਿੰਗਜ਼ ਨੇ IPL ‘ਚ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ ਸਭ ਤੋਂ ਵੱਡਾ ਟੀਚਾ ਹਾਸਲ ਕਰਕੇ ਤੋੜੇ ਕਈ ਰਿਕਾਰਡ

Punjab Kings

ਚੰਡੀਗੜ੍ਹ, 27 ਅਪ੍ਰੈਲ 2024: ਆਈਪੀਐਲ 2024 ਦੇ 42ਵੇਂ ਮੈਚ ਵਿੱਚ ਪੰਜਾਬ ਕਿੰਗਜ਼ (Punjab Kings) ਨੇ ਇਤਿਹਾਸ ਰਚਿਆ ਅਤੇ ਟੀ-20 ਕ੍ਰਿਕਟ ਅਤੇ ਲੀਗ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਦਾ ਪਿੱਛਾ ਕੀਤਾ ਹੈ । ਕੋਲਕਾਤਾ ਨਾਈਟ ਰਾਈਡਰਜ਼ ਨੇ 262 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਪੰਜਾਬ ਨੇ ਅੱਠ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। 262 ਦੌੜਾਂ ਦਾ ਪਿੱਛਾ ਕਰਦੇ ਹੋਏ ਪੰਜਾਬ ਨੇ ਟੀ-20 ਕ੍ਰਿਕਟ ‘ਚ ਸਭ ਤੋਂ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਦਾ ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਪਿਛਲੇ ਸਾਲ ਦੱਖਣੀ ਅਫਰੀਕਾ ਨੇ ਸੈਂਚੁਰੀਅਨ ਵਿੱਚ ਵੈਸਟਇੰਡੀਜ਼ ਖ਼ਿਲਾਫ਼ 259 ਦੌੜਾਂ ਦਾ ਪਿੱਛਾ ਕੀਤਾ ਸੀ। ਇਸ ਦੇ ਨਾਲ ਹੀ ਪੰਜਾਬ ਨੇ ਆਈ.ਪੀ.ਐੱਲ. ‘ਚ ਸਭ ਤੋਂ ਵੱਡਾ ਪਿੱਛਾ ਕਰਨ ਦਾ ਚਾਰ ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। 2020 ਵਿੱਚ ਰਾਜਸਥਾਨ ਨੇ ਸ਼ਾਰਜਾਹ ਵਿੱਚ ਪੰਜਾਬ ਦੇ ਖਿਲਾਫ 224 ਦੌੜਾਂ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ।

ਇਸ ਮੈਚ ਵਿੱਚ ਕੁੱਲ 523 ਦੌੜਾਂ ਬਣਾਈਆਂ ਗਈਆਂ, ਜੋ ਕਿ ਕਿਸੇ ਵੀ ਆਈਪੀਐਲ ਮੈਚ ਵਿੱਚ ਦੂਜੀਆਂ ਸਭ ਤੋਂ ਵੱਡੀਆਂ (ਐਗਰੀਗੇਟ) ਦੌੜਾਂ ਹਨ। ਇਸੇ ਸੀਜ਼ਨ ‘ਚ ਚਿੰਨਾਸਵਾਮੀ ‘ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੈਚ ‘ਚ ਦੋਵਾਂ ਪਾਰੀਆਂ ‘ਚ 549 ਦੌੜਾਂ ਬਣਾਈਆਂ ਸਨ, ਜੋ ਕਿ ਸਭ ਤੋਂ ਜ਼ਿਆਦਾ ਸੀ। ਇਸ ਦੇ ਨਾਲ ਹੀ ਹੈਦਰਾਬਾਦ ‘ਚ ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ ‘ਚ ਦੋਵਾਂ ਪਾਰੀਆਂ ‘ਚ ਮਿਲਾ ਕੇ 523 ਦੌੜਾਂ ਬਣਾਈਆਂ ਗਈਆਂ ਸਨ।

ਆਈਪੀਐੱਲ ਮੈਚ ਦੀ ਇੱਕ ਪਾਰੀ ‘ਚ ਸਭ ਤੋਂ ਵੱਧ ਛੱਕੇ

ਇਸ ਮੈਚ ‘ਚ ਪੰਜਾਬ ਨੇ 24 ਛੱਕੇ ਲਗਾਏ, ਜੋ ਕਿ ਆਈਪੀਐੱਲ ਮੈਚ ਦੀ ਇੱਕ ਪਾਰੀ ‘ਚ ਕਿਸੇ ਵੀ ਟੀਮ ਵੱਲੋਂ ਲਗਾਏ ਗਏ ਸਭ ਤੋਂ ਵੱਧ ਛੱਕੇ ਹਨ। ਇਸ ਤੋਂ ਪਹਿਲਾਂ ਇਸੇ ਸੀਜ਼ਨ ‘ਚ ਸਨਰਾਈਜ਼ਰਜ਼ ਨੇ ਚਿੰਨਾਸਵਾਮੀ ਦੇ ਬੈਂਗਲੁਰੂ ਖ਼ਿਲਾਫ਼ 22 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਟੀ-20 ਕ੍ਰਿਕੇਟ ਵਿੱਚ ਇੱਕ ਪਾਰੀ ਵਿੱਚ ਛੱਕੇ ਮਾਰਨ ਦਾ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਸਿਰਫ਼ ਨੇਪਾਲ ਦੀ ਟੀਮ ਪੰਜਾਬ ਤੋਂ ਅੱਗੇ ਹੈ। ਉਨ੍ਹਾਂ ਨੇ 2023 ਵਿੱਚ ਏਸ਼ਿਆਈ ਖੇਡਾਂ ਦੌਰਾਨ ਮੰਗੋਲੀਆ ਖ਼ਿਲਾਫ਼ 26 ਛੱਕੇ ਲਾਏ ਸਨ।

ਇਸ ਮੈਚ ‘ਚ ਦੋਵੇਂ ਪਾਰੀਆਂ ਸਮੇਤ ਕੁੱਲ 42 ਛੱਕੇ ਲੱਗੇ। ਪੰਜਾਬ (Punjab Kings) ਵੱਲੋਂ 24 ਛੱਕਿਆਂ ਤੋਂ ਇਲਾਵਾ ਕੋਲਕਾਤਾ ਵੱਲੋਂ 18 ਛੱਕੇ ਲਾਏ ਗਏ। ਇੱਕ ਟੀ-20 ਮੈਚ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ 42 ਛੱਕਿਆਂ ਦਾ ਹੈ। ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਵੀ ਆਈ.ਪੀ.ਐੱਲ. ਇਸੇ ਸੀਜ਼ਨ ‘ਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੈਦਰਾਬਾਦ ‘ਚ ਖੇਡੇ ਗਏ ਮੈਚ ‘ਚ 38 ਛੱਕੇ ਲੱਗੇ ਸਨ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 261 ਦੌੜਾਂ ਬਣਾਈਆਂ। ਫਿਲ ਸਾਲਟ ਨੇ 37 ਗੇਂਦਾਂ ਵਿੱਚ 75 ਅਤੇ ਸੁਨੀਲ ਨਰਾਇਣ ਨੇ 32 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਜਵਾਬ ‘ਚ ਪ੍ਰਭਸਿਮਰਨ ਸਿੰਘ ਨੇ 20 ਗੇਂਦਾਂ ‘ਚ 54 ਦੌੜਾਂ ਦੀ ਪਾਰੀ ਖੇਡ ਕੇ ਪੰਜਾਬ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਜੌਨੀ ਬੇਅਰਸਟੋ ਨੇ 48 ਗੇਂਦਾਂ ਵਿੱਚ 108 ਦੌੜਾਂ ਅਤੇ ਸ਼ਸ਼ਾਂਕ ਸਿੰਘ ਨੇ 28 ਗੇਂਦਾਂ ਵਿੱਚ 68 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਪੰਜਾਬ ਨੂੰ ਜਿੱਤ ਵੱਲ ਤੋਰਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।