ਸਪੋਰਟਸ, 04 ਅਪ੍ਰੈਲ 2026: ਪੰਜਾਬ ਕਿੰਗਜ਼ ਨੇ ਆਈਪੀਐਲ ਦੇ 7ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ, ਪਰ ਕਪਤਾਨ ਸ਼੍ਰੇਅਸ ਅਈਅਰ ਨੂੰ ਹੌਲੀ ਓਵਰ-ਰੇਟ ਲਈ ₹24 ਲੱਖ ਦਾ ਜੁਰਮਾਨਾ ਲਗਾਇਆ ਹੈ।
ਇਹ ਇਸ ਸੀਜ਼ਨ ‘ਚ ਪੰਜਾਬ ਕਿੰਗਜ਼ ਦੀ ਦੂਜੀ ਓਵਰ-ਰੇਟ ਉਲੰਘਣਾ ਹੈ। ਇਸ ਲਈ, ਨਾ ਸਿਰਫ਼ ਕਪਤਾਨ, ਸਗੋਂ ਪੂਰੇ ਪਲੇਇੰਗ ਇਲੈਵਨ ਅਤੇ ਇੰਮਪੈਕਟ ਖਿਡਾਰੀਆਂ ਨੂੰ ਵੀ ਸਜ਼ਾ ਦਿੱਤੀ ਗਈ ਹੈ। ਬਾਕੀ ਸਾਰੇ ਖਿਡਾਰੀਆਂ ਨੂੰ ₹6 ਲੱਖ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਫੀਸਦੀ, ਜੋ ਵੀ ਘੱਟ ਹੋਵੇ, ਜੁਰਮਾਨਾ ਕੀਤਾ ਗਿਆ ਹੈ।
ਆਈਪੀਐਲ ਨਿਯਮਾਂ ਮੁਤਾਬਕ, ਜੇਕਰ ਟੀਮ ਦੁਬਾਰਾ ਅਜਿਹੀ ਗਲਤੀ ਕਰਦੀ ਹੈ, ਤਾਂ ਅਈਅਰ ਨੂੰ ₹3 ਲੱਖ ਦਾ ਜੁਰਮਾਨਾ ਅਤੇ ਇੱਕ ਮੈਚ ਲਈ ਪਾਬੰਦੀ ਲਗਾਈ ਜਾਵੇਗੀ। ਪੰਜਾਬ ਨੂੰ ਅਜੇ ਵੀ ਲੀਗ ਪੜਾਅ ‘ਚ 12 ਤੋਂ ਵੱਧ ਮੈਚ ਖੇਡਣੇ ਹਨ, ਇਸ ਲਈ ਗਲਤੀ ਕਰਨੀ ਟੀਮ ‘ਤੇ ਭਾਰੀ ਪੈ ਸਕਦੀ ਹੈ |
ਸ਼੍ਰੇਅਸ ਅਈਅਰ ਨੇ ਇਸ ਮੈਚ ‘ਚ ਆਪਣੀ ਬੱਲੇਬਾਜ਼ੀ ਨਾਲ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ 29 ਗੇਂਦਾਂ ‘ਚ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨੇਹਾਲ ਵਢੇਰਾ ਨਾਲ ਉਸਦੀ 59 ਦੌੜਾਂ ਦੀ ਸਾਂਝੇਦਾਰੀ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਈ। ਪੰਜਾਬ ਕਿੰਗਜ਼ ਨੂੰ ਜਿੱਤ ਲਈ 209 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸਨੂੰ ਉਨ੍ਹਾਂ ਨੇ 5 ਵਿਕਟਾਂ ਦੇ ਨੁਕਸਾਨ ‘ਤੇ ਆਰਾਮ ਨਾਲ ਪ੍ਰਾਪਤ ਕਰ ਲਿਆ।
ਇਸ ਤੋਂ ਪਹਿਲਾਂ, ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, 5 ਵਿਕਟਾਂ ‘ਤੇ 209 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਚੇਨਈ ਦੇ ਨੌਜਵਾਨ ਬੱਲੇਬਾਜ਼ ਆਯੁਸ਼ ਮਹਾਤਰੇ ਨੇ 43 ਗੇਂਦਾਂ ‘ਤੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਕਪਤਾਨ ਰੁਤੁਰਾਜ ਗਾਇਕਵਾੜ (28 ਦੌੜਾਂ) ਨਾਲ 96 ਦੌੜਾਂ ਦੀ ਸਾਂਝੇਦਾਰੀ ਕੀਤੀ।
ਹਾਲਾਂਕਿ, ਪੰਜਾਬ ਨੇ ਪ੍ਰਿਯਾਂਸ਼ ਆਰੀਆ ਦੀ 11 ਗੇਂਦਾਂ ‘ਤੇ 39 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਮਜ਼ਬੂਤ ਸ਼ੁਰੂਆਤ ਕੀਤੀ। ਅੰਤ ‘ਚ ਪ੍ਰਭਸਿਮਰਨ ਸਿੰਘ, ਕੂਪਰ ਕੌਨੋਲੀ ਅਤੇ ਅਈਅਰ ਦੀਆਂ ਪਾਰੀਆਂ ਨੇ ਚੇਨਈ ਦੇ ਕੁੱਲ ਸਕੋਰ ਨੂੰ ਛੋਟਾ ਬਣਾ ਦਿੱਤਾ ਅਤੇ ਪੰਜਾਬ ਨੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
Read More: IPL 2026: ਪੰਜਾਬ ਕਿੰਗਜ਼ ਨੇ ਟੀ-20 ਕ੍ਰਿਕਟ ‘ਚ ਭਾਰਤੀ ਟੀਮ ਦਾ ਰਿਕਾਰਡ ਤੋੜਿਆ




