Tobacco

ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ: ਡਾ. ਬਲਬੀਰ ਸਿੰਘ

ਪਟਿਆਲਾ, 01 ਨਵੰਬਰ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਤੰਬਾਕੂ (Tobacco) ਕੰਟਰੋਲ ਪ੍ਰੋਗਰਾਮ ਲਾਗੂ ਕਰਨ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਅੱਜ ਇੱਥੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੇੜੇ ਆਮ ਆਦਮੀ ਕਲੀਨਿਕ ਵਿਖੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਦੇ ਸਬੰਧੀ ਸੂਬਾ ਪੱਧਰੀ ਸਮਾਗਮ ਮੌਕੇ ਪੁੱਜੇ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਏ ਸੁਪਨੇ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ, ਇਸ ਲਈ ਲੋਕਾਂ ਨੂੰ ਤੰਬਾਕੂ ਰਹਿਤ ਜੀਵਨ ਜਿਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤੰਬਾਕੂ (Tobacco) ਦੀ ਵਰਤੋਂ ਦਾ ਪ੍ਰਚਲਨ 12.9 ਫੀਸਦੀ ਰਹਿ ਗਿਆ ਹੈ, ਇਸ ਸਬੰਧੀ ਭਾਰਤ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਦੇ ਪ੍ਰਧਾਨਗੀ ਹੇਠ 2023 ਨੂੰ ਹੋਈ ਸਮੀਖਿਆ ਮੀਟਿੰਗ ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਰਾਜ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਵਜੋਂ ਸਨਮਾਨਿਤ ਕੀਤਾ ਗਿਆ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਅੱਜ ਰਾਜ ਤੰਬਾਕੂ ਰਹਿਤ ਦਿਵਸ ਮੌਕੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਾਰੀਆਂ ਪ੍ਰਾਇਮਰੀ ਸਿਹਤ ਸੰਸਥਾਵਾਂ ਵਿੱਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਦੇ ਥੀਮ ਅਨੁਸਾਰ ਸਮੂਹ ਪ੍ਰਾਇਮਰੀ ਸਿਹਤ ਸੰਸਥਾਵਾਂ ਨੂੰ ਤੰਬਾਕੂ ਮੁਕਤ ਕੀਤਾ ਜਾਣਾ ਹੈ। ਇਸ ਤਹਿਤ ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਅਤੇ ਪ੍ਰਾਇਮਰੀ ਸਿਹਤ ਸੰਸਥਾਵਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਅਤੇ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ 1 ਨਵੰਬਰ ਤੋਂ 7 ਨਵੰਬਰ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ (Tobacco) ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ, ਅਤੇ ਈ ਸਿਗਰਟ ਨੂੰ ਗੈਰ-ਮਨਜੂਰਸੁਦਾ ਡਰੱਗ ਘੋਸ਼ਿਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਹੁੱਕਾਬਾਰਾਂ ਉਪਰ ਸਥਾਈ ਤੌਰ ”ਤੇ ਪਾਬੰਦੀ ਲਗਾਉਣ ਵਾਲਾ ਪੰਜਾਬ ਦੇਸ਼ ਦਾ ਦੂਜਾ ਰਾਜ ਹੈ। ਹੁਣ ਤੱਕ ਪੰਜਾਬ ਦੇ ਲਗਭਗ 800 ਤੋਂ ਵੱਧ ਪਿੰਡਾਂ ਨੇ ਖੁਦ ਨੂੰ ਤੰਬਾਕੂ ਮੁਕਤ ਐਲਾਨਿਆ ਹੋਇਆ ਹੈ । ਇਸੇ ਤਰ੍ਹਾਂ ਸੂਬੇ ਦੀਆਂ 98 ਫੀਸਦੀ ਵਿਦਿਅਕ ਸੰਸਥਾਵਾਂ ਨੂੰ ਵੀ ਤੰਬਾਕੂ ਮੁਕਤ ਕੀਤਾ ਜਾ ਚੁੱਕਾ ਹੈ ਜਿੱਥੇ ਨਾ ਤਾਂ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਆਲੇ ਦੁਆਲੇ ਦੇ 100 ਗਜ ਏਰੀਏ ਵਿੱਚ ਤੰਬਾਕੂ ਦੀ ਵਿਕਰੀ ਕੀਤੀ ਜਾਂਦੀ ਹੈ। ਜਦਕਿ ਸਿਹਤ ਸੰਸਥਾਵਾਂ ਵਿੱਚ ਪਹਿਲਾਂ ਤੋਂ ਹੀ ਤੰਬਾਕੂ ਦੀ ਵਰਤੋਂ ਦੀ ਪਾਬੰਦੀ ਲਗਾਈ ਹੋਈ ਹੈ।

ਸਿਹਤ ਮੰਤਰੀ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ, ਫੇਫੜਿਆਂ ਅਤੇ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਇਸੇ ਤਰ੍ਹਾਂ ਹਾਰਟ ਅਟੈਕ ਅਤੇ ਸਟਰੋਕ ਵਰਗੀਆਂ ਬਿਮਾਰੀਆਂ ਵੀ ਹੁੰਦੀਆਂ ਹਨ। ਸਿਗਰਟ ਦੇ ਧੂੰਏਂ ਵਿੱਚ ਲਗਭਗ 1000 ਕਿਸਮ ਦੇ ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ। ਪੈੱਸਿਵ ਸਮੋਕਿੰਗ ਦੇ ਖਤਰੇ ਤੋਂ ਸਾਵਧਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਉਂਦੇ ਰਹਿਣ ਲਈ ਹਵਾ ਬਹੁਤ ਜਰੂਰੀ ਹੈ ਅਤੇ ਸਿਗਰਟਨੋਸ਼ੀ ਕਰਨ ਵਾਲਾ ਵਿਅਕਤੀ ਸਿਗਰਟ ਦੇ ਧੂੰਏਂ ਰਾਹੀਂ ਇਸ ਹਵਾ ਵਿੱਚ ਹੀ ਜਹਿਰ ਘੋਲ ਰਿਹਾ ਹੈ। ਜਿਸ ਕਾਰਨ ਉਸਦੇ ਆਲੇ ਦੁਆਲੇ ਅਤੇ ਘਰ ਦੇ ਵਿੱਚ ਮੌਜੂਦ ਬਜ਼ੁਰਗ ਮਾਤਾ ਪਿਤਾ, ਘਰਵਾਲੀ ਅਤੇ ਮਾਸੂਮ ਬੱਚਿਆਂ ਨੂੰ ਪੈਸਿਗ ਸਮੋਕਿੰਗ ਜ਼ਰੀਏ ਆਪਣੇ ਸਾਰੇ ਪਰਿਵਾਰ ਨੂੰ ਜ਼ਹਿਰ ਵੰਡਦੇ ਹਨ।

ਡਾ. ਬਲਬੀਰ ਸਿੰਘ ਨੇ ਇਸ ਮੌਕੇ ਤੰਬਾਕੂ ਵਿਰੋਧੀ ਸਹੁੰ ਚੁਕਾਈ ਤੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ। ਇਸ ਮੌਕੇ ਐਸ.ਡੀ.ਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ, ਸਿਵਲ ਸਰਜਨ ਡਾ. ਰਮਿੰਦਰ ਕੌਰ, ਸਹਾਇਕ ਡਾਇਰੈਕਟਰ ਡਾ. ਜਸਕਿਰਨਦੀਪ ਕੌਰ, ਤਹਿਸੀਦਾਰ ਜਿਨਸੂ ਬਾਂਸਲ, ਕੰਸਲਟੈਂਟ ਡਾ. ਗੁਰਮਨ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸ ਜੇ ਸਿੰਘ, ਸਹਾਇਕ ਸਿਹਤ ਅਫ਼ਸਰ ਕਮ ਨੋਡਲ ਅਫਸਰ ਡਾ. ਕੁਸ਼ਲਦੀਪ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਅਰੋੜਾ, ਮੈਡੀਕਲ ਅਫ਼ਸਰ ਡਾ. ਹਰਮਨਪ੍ਰੀਤ ਕੌਰ ਵੀ ਹਾਜਰ ਸਨ।

Scroll to Top