ਚੰਡੀਗੜ੍ਹ, 12 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡਸਟਰੀ ਸੈਕਟਰ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਦਯੋਗਿਕ ਜ਼ਮੀਨਾਂ ਲਈ ਹਰੇ ਰੰਗ ਦੇ ਸਟੈਂਪ ਪੇਪਰ (Stamp Papers) ਹੋਣਗੇ। ਇਸ ਤੋਂ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਕਾਰੋਬਾਰੀ ਜ਼ਮੀਨ ਕਿਸ ਮਕਸਦ ਲਈ ਖਰੀਦ ਰਿਹਾ ਹੈ ਅਤੇ ਇਸ ਦੀ ਵਰਤੋਂ ਕੀ ਹੋਵੇਗੀ।
ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰੀਆਂ ਨੂੰ ਸੂਬਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿੱਥੇ ਅਤੇ ਕਿਸ ਮਕਸਦ ਲਈ ਜ਼ਮੀਨ ਖਰੀਦਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸੀ.ਐਲ.ਯੂ ਦੀ ਟੀਮ ਜ਼ਮੀਨ ਸਬੰਧੀ ਜਾਂਚ ਤੋਂ ਬਾਅਦ ਪ੍ਰਵਾਨਗੀ ਦੇਵੇਗੀ। ਇਸ ਤੋਂ ਬਾਅਦ ਫੈਕਟਰੀ ਮਾਲਕ ਨੂੰ ਹੋਰ ਸਟੈਂਪ ਪੇਪਰ ਤੋਂ ਮਹਿੰਗੇ ਹਰੇ ਰੰਗ ਦੇ ਸਟੈਂਪ ਖਰੀਦਣ ਲਈ ਕਿਹਾ ਜਾਵੇਗਾ। ਇਸ ਵਿੱਚ CLU, ਜੰਗਲਾਤ, ਪ੍ਰਦੂਸ਼ਣ ਅਤੇ ਅੱਗ ਨਾਲ ਸਬੰਧਤ NOC ਲਈ ਪੈਸੇ ਸ਼ਾਮਲ ਹੋਣਗੇ। ਜਿਵੇਂ ਹੀ ਰਜਿਸਟਰੀ ਹੋ ਜਾਵੇਗੀ, ਉਸ ਤੋਂ ਬਾਅਦ ਕਾਰੋਬਾਰੀ ਫੈਕਟਰੀ ਦੀ ਉਸਾਰੀ ਸ਼ੁਰੂ ਕਰ ਸਕਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਕਾਰੋਬਾਰੀ ਪ੍ਰੇਸ਼ਾਨੀਆਂ ਤੋਂ ਬਚ ਸਕਣਗੇ। ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਜਾਣਾ ਪਵੇਗਾ। ਜਦੋਂ ਫੈਕਟਰੀ ਤਿਆਰ ਹੋ ਜਾਵੇਗੀ ਤਾਂ ਉਪਰੋਕਤ ਸਾਰੇ ਵਿਭਾਗਾਂ ਦੀ ਮਨਜ਼ੂਰੀ ਦੀ ਮੋਹਰ ਕਾਰੋਬਾਰੀ ਕੋਲ ਮੌਜੂਦ ਹਰੇ ਰੰਗ ਦੇ ਸਟੈਂਪ ਪੇਪਰ (Stamp Papers) ‘ਤੇ ਲਗਾਈ ਜਾਵੇਗੀ। ਜੇਕਰ ਕੋਈ ਅਧਿਕਾਰੀ ਡੇਢ ਸਾਲ ਬਾਅਦ ਜਾਂਚ ਲਈ ਆਉਂਦਾ ਹੈ ਤਾਂ ਉਸ ਨੂੰ ਸਟੈਂਪ ਪੇਪਰ ਦੇਖ ਕੇ ਪਤਾ ਲੱਗ ਜਾਵੇਗਾ ਕਿ ਇਹ ਜ਼ਮੀਨ ਕਿਸ ਮਕਸਦ ਲਈ ਖਰੀਦੀ ਗਈ ਸੀ ਅਤੇ ਕਿਸ ਕੰਮ ਲਈ ਵਰਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਸਟੈਂਪ ਪੇਪਰਾਂ ਦੀ ਕਲਰ ਕੋਡਿੰਗ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ ਇਹ ਸਫਲ ਹੋਵੇਗਾ ਅਤੇ ਹੋਰ ਸੂਬੇ ਵੀ ਅਜਿਹਾ ਹੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਦਯੋਗਿਕ ਖੇਤਰ ਲਈ ਹਰੇ ਰੰਗ ਦੇ ਸਟੈਂਪ ਪੇਪਰ ਪੇਸ਼ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਰਿਹਾਇਸ਼ਾਂ ਅਤੇ ਹੋਰ ਖੇਤਰਾਂ ਦੇ ਸਟੈਂਪ ਪੇਪਰਾਂ ਦਾ ਰੰਗ ਵੀ ਵੱਖਰਾ ਬਣਾਇਆ ਜਾਵੇਗਾ।