ਗੁਰਮੀਤ ਸਿੰਘ ਖੁੱਡੀਆਂ

ਪੰਜਾਬ ‘ਚ ਸਲਾਨਾ 2 ਲੱਖ ਮੀਟ੍ਰਿਕ ਟਨ ਤੋਂ ਵੱਧ ਮੱਛੀ ਦਾ ਹੋ ਰਿਹੈ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 21 ਨਵੰਬਰ 2025: ਵਿਸ਼ਵ ਪੱਧਰ ‘ਤੇ ਹਰ ਸਾਲ 21 ਨਵੰਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਕਾਸ ‘ਚ ਸੂਬੇ ਦੀ ਪ੍ਰਗਤੀ ਅਤੇ ਲਾਹੇਵੰਦ ਧੰਦਾ ਬਣਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਰਗਰਮ ਕਦਮਾਂ ਬਾਰੇ ਜਾਣਕਾਰੀ ਦਿੱਤੀ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਮੱਛੀ ਪਾਲਣ ਖੇਤਰ ‘ਚ ਸ਼ਾਨਦਾਰ ਵਿਕਾਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ‘ਚ ਮੱਛੀ ਪਾਲਣ ਅਧੀਨ ਰਕਬਾ 43,685 ਏਕੜ ‘ਚ ਫੈਲਿਆ ਹੋਇਆ ਹੈ, ਜਿਸ ਤੋਂ ਸਲਾਨਾ ਲਗਭਗ 2 ਲੱਖ ਮੀਟ੍ਰਿਕ ਟਨ ਤੋਂ ਵੱਧ ਮੱਛੀ ਦਾ ਉਤਪਾਦਨ ਹੋ ਰਿਹਾ ਹੈ। ਇਸਦੇ ਨਾਲ ਹੀ ਝੀਂਗਾ ਪਾਲਣ ‘ਚ ਵੀ ਸੂਬੇ ਦੀ ਨਿਵੇਕਲੀ ਪਹੁੰਚ ਦੇ ਚੰਗੇ ਨਤੀਜੇ ਸਾਹਮਣੇ ਹਨ। ਉਨ੍ਹਾਂ ਦੱਸਿਆ ਕਿ 1,034 ਏਕੜ ਸੇਮ ਪ੍ਰਭਾਵਿਤ ਜ਼ਮੀਨ ਦੀ ਵਰਤੋਂ ਲਗਭਗ 2,759 ਮੀਟ੍ਰਿਕ ਟਨ ਝੀਂਗਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ |

ਉਨ੍ਹਾਂ ਕਿਹਾ ਕਿ ਪੰਜਾਬ ਨੇ ਕਿਸਾਨਾਂ ਨੂੰ ਕਿਫਾਇਤੀ ਦਰਾਂ ‘ਤੇ ਉੱਚ-ਗੁਣਵੱਤਾ ਵਾਲਾ ਮੱਛੀ ਬੀਜ ਪ੍ਰਦਾਨ ਕਰਨ ਵਾਸਤੇ 16 ਸਰਕਾਰੀ ਮੱਛੀ ਬੀਜ ਫਾਰਮ ਸਥਾਪਤ ਕੀਤੇ ਹਨ।

ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਪੀ.ਐਮ.ਐਮ.ਐਸ.ਵਾਈ. ਯੋਜਨਾ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ, ਜਿਸ ਤਹਿਤ ਵੱਖ-ਵੱਖ ਪ੍ਰੋਜੈਕਟਾਂ ਲਈ 40 ਤੋਂ 60 ਫੀਸਦ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੀ.ਐਮ.ਐਮ.ਐਸ.ਵਾਈ. ਰਾਹੀਂ ਮੱਛੀ ਪਾਲਣ ਵਿਭਾਗ ਪਹਿਲਾਂ ਹੀ 683 ਲਾਭਪਾਤਰੀਆਂ ਨੂੰ 31.04 ਕਰੋੜ ਰੁਪਏ ਸਬਸਿਡੀ ਵਜੋਂ ਪ੍ਰਦਾਨ ਕਰ ਚੁੱਕਾ ਹੈ। ਇਹ ਵਿੱਤੀ ਸਹਾਇਤਾ ਮੱਛੀ ਅਤੇ ਝੀਂਗਾ ਪਾਲਣ ਲਈ ਨਵੇਂ ਤਲਾਅ, ਰੀਸਰਕੁਲੇਟਿੰਗ ਐਕੁਆਕਲਚਰ ਸਿਸਟਮ (ਆਰਏਐਸ), ਬਾਇਓਫਲੌਕ ਯੂਨਿਟ, ਫਿਸ਼ ਫੀਡ ਮਿੱਲਾਂ ਅਤੇ ਮੱਛੀ ਤੇ ਮੱਛੀ ਉਤਪਾਦਾਂ ਦੀ ਢੋਆ-ਢੁਆਈ ਲਈ ਵਾਹਨਾਂ ਸਮੇਤ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਕਵਰ ਕਰਦੀ ਹੈ।

ਵਿਸ਼ਵ ਮੱਛੀ ਪਾਲਣ ਦਿਵਸ ‘ਤੇ ਮੱਛੀ ਤੇ ਝੀਂਗਾ ਪਾਲਕਾਂ ਅਤੇ ਹੋਰ ਭਾਈਵਾਲਾਂ ਨੂੰ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਸਬੰਧੀ ਉਤਪਾਦਨ ਵਧਾਉਣ ਲਈ ਸਾਰੇ ਕਿਸਾਨਾਂ ਨੂੰ ਸਰਗਰਮੀ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਮੱਛੀ ਉਤਪਾਦਨ ਨੂੰ ਵਧਾਉਣ, ਅਣਉਪਜਾਊ/ਬੰਜਰ ਜ਼ਮੀਨਾਂ ਨੂੰ ਖੁਸ਼ਹਾਲ ਆਰਥਿਕ ਸੰਪਤੀਆਂ ‘ਚ ਬਦਲਣ ‘ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰ ਰਿਹਾ ਹੈ।

Read More: ਪੰਜਾਬ ’ਚ ਕਿਸਾਨਾਂ ਦਾ ਮੱਕੀ ਵੱਲ ਵਧਿਆ ਰੁਝਾਨ: ਗੁਰਮੀਤ ਸਿੰਘ ਖੁੱਡੀਆਂ

Scroll to Top