Punjab IT hub

ਪੰਜਾਬ ਤੇਜ਼ੀ ਨਾਲ ਪ੍ਰਮੁੱਖ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ: CM ਭਗਵੰਤ ਮਾਨ

ਚੰਡੀਗੜ੍ਹ, 24 ਅਗਸਤ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਨੈਸਕੌਮ (ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼) ਦੇ ਵਫ਼ਦ ਨਾਲ ਅਹਿਮ ਬੈਠਕ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਤੇਜ਼ੀ ਨਾਲ ਪ੍ਰਮੁੱਖ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ, ਜਿਸ ਤਹਿਤ ਮੋਹਾਲੀ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਮੋਹਰੀ ਕੇਂਦਰ ਬਣਨ ਲਈ ਤਿਆਰ ਹੈ।

ਮੁੱਖ ਮੰਤਰੀ ਦਾ ਕਹਿਣਾ ਹੈ ਕਿਹਾ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਮਜ਼ਬੂਤ ਹੁਨਰਮੰਦ ਪ੍ਰਤਿਭਾ ਪੂਲ, ਘੱਟ ਕਾਰੋਬਾਰੀ ਲਾਗਤਾਂ, ‘ਇਨਵੈਸਟ ਪੰਜਾਬ` ਅਤੇ ਨਵੀਂ ਜੀ.ਸੀ.ਸੀ. ਨੀਤੀ 2026 ਤਕਨਾਲੋਜੀ ਕੰਪਨੀਆਂ ਅਤੇ ਨਵੇਂ ਨਿਵੇਸ਼ ਲਈ ਮਜ਼ਬੂਤ ਈਕੋ-ਸਿਸਟਮ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ‘ਚ ਹੋਰ ਨਿਵੇਸ਼ ਲਿਆਉਣ ਅਤੇ ਆਪਣੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ `ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਾਡੇ ਕੋਲ ਆਈ.ਆਈ.ਟੀ. ਅਤੇ ਆਈ.ਐੱਸ.ਬੀ. ਵਰਗੀਆਂ ਨਾਮਵਰ ਸੰਸਥਾਵਾਂ ਤੋਂ ਮਜ਼ਬੂਤ ਅਤੇ ਹੁਨਰਮੰਦ ਪ੍ਰਤਿਭਾ ਪੂਲ ਹੈ। ਇਸ ਦੇ ਨਾਲ ਹੀ ਘੱਟ ਕਾਰੋਬਾਰੀ ਲਾਗਤਾਂ, ‘ਇਨਵੈਸਟ ਪੰਜਾਬ` ਅਤੇ ਨਵੀਂ ਜੀ.ਸੀ.ਸੀ. ਨੀਤੀ 2026 ਰਾਹੀਂ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਸੂਬੇ ‘ਚ ਨਵਾਂ ਨਿਵੇਸ਼ ਲਿਆਉਣ ਅਤੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।”

ਬੈਠਕ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਪੰਜਾਬ ਤਕਨਾਲੋਜੀ ਆਧਾਰਤ ਤਬਦੀਲੀ `ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਸੂਬੇ ‘ਚ ਅਗਲੀ ਪੀੜ੍ਹੀ ਲਈ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉੱਭਰ ਰਹੇ ਤਕਨੀਕੀ ਮਾਡਲਾਂ ਦਾ ਲਾਭ ਉਠਾਉਣਾ ਚਾਹੁੰਦਾ ਹੈ। ਮੈਂ ਨੈਸਕੌਮ ਨੂੰ ਮੋਹਾਲੀ ‘ਚ ਅਤਿ-ਆਧੁਨਿਕ ਸਟਾਰਟਅੱਪ ਇਨਕਿਊਬੇਟਰ ‘ਚ ਪੰਜਾਬ ਨਾਲ ਭਾਈਵਾਲੀ ਕਰਨ ਅਤੇ ਸੂਬੇ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਚ ਯੋਗਦਾਨ ਪਾਉਣ ਦਾ ਸੱਦਾ ਦਿੰਦਾ ਹਾਂ।”

ਮੁੱਖ ਮੰਤਰੀ ਨੇ ਕਿਹਾ ਕਿ “ਪੰਜਾਬ ਨੇ ਸੂਬੇ ਦੇ ਖੇਤੀਬਾੜੀ ਖੇਤਰ ‘ਚ ਏ.ਆਈ. ਨੂੰ ਸ਼ਾਮਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ.ਆਈ.ਟੀ. ਰੋਪੜ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਹੱਥ ਮਿਲਾਇਆ ਹੈ। ਇਹ ਸਹਿਯੋਗ ਕਿਸਾਨਾਂ ਦੀ ਪੈਦਾਵਾਰ ਵਧਾਉਣ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਮਾਰਟ ਫਾਰਮਿੰਗ ਮਾਡਲਾਂ ਅਤੇ ਭਵਿੱਖਬਾਣੀ ਵਿਸ਼ਲੇਸ਼ਣ ਨੂੰ ਏਕੀਕ੍ਰਿਤ ਕਰਨ ਵੱਲ ਕੰਮ ਕਰੇਗਾ।”

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਹੁ-ਕੌਮੀ ਕਾਰਪੋਰੇਸ਼ਨਾਂ ਪੰਜਾਬ ਭਰ ‘ਚ, ਖ਼ਾਸ ਕਰ ਕੇ ਮੋਹਾਲੀ ‘ਚ ਨਿਵੇਸ਼ ਲਈ ਭਾਰੀ ਦਿਲਚਸਪੀ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ, “ਮੋਹਾਲੀ ਵਿਸ਼ਵ ਪੱਧਰੀ ਹਵਾਈ, ਰੇਲ ਅਤੇ ਸੜਕੀ ਸੰਪਰਕ, ਉੱਚ ਪੱਧਰੀ ਮੈਡੀਕਲ ਸਹੂਲਤਾਂ, ਮਿਆਰੀ ਵਿੱਦਿਅਕ ਸੰਸਥਾਵਾਂ ਅਤੇ ਜ਼ਮੀਨ ਦੀ ਉਪਲਬਧਤਾ ਨਾਲ ਬੇਮਿਸਾਲ ਬੁਨਿਆਦੀ ਢਾਂਚਾ ਪੇਸ਼ ਕਰਦਾ ਹੈ। ਇਹ ਚੀਜ਼ਾਂ ਮੋਹਾਲੀ ਨੂੰ ਗਲੋਬਲ ਕੰਪਨੀਆਂ ਅਤੇ ਤਕਨਾਲੋਜੀ ਆਧਾਰਤ ਨਿਵੇਸ਼ ਲਈ ਆਕਰਸ਼ਕ ਸਥਾਨ ਬਣਾਉਂਦੀਆਂ ਹਨ।”

ਉਨ੍ਹਾਂ ਕਿਹਾ, “ਮੋਹਾਲੀ ‘ਚ ਅਤੇ ਇਸ ਦੇ ਆਲੇ-ਦੁਆਲੇ 6 ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਥਿਤ ਹਨ, ਜੋ ਗਲੋਬਲ ਕੰਪਨੀਆਂ ਨੂੰ ਪ੍ਰਤਿਭਾ ਪੂਲ ਤੱਕ ਸਿੱਧੀ ਪਹੁੰਚ ਦਿੰਦੀਆਂ ਹਨ। ਹੁਨਰਮੰਦ ਮਨੁੱਖੀ ਸ਼ਕਤੀ, ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਅਤੇ ਸੰਪਰਕ ਦਾ ਇਹ ਸੁਮੇਲ ਕੰਪਨੀਆਂ ਨੂੰ ਆਪਣੇ ਕੰਮਕਾਜ ਸਥਾਪਤ ਕਰਨ ਅਤੇ ਵਧਾਉਣ ਲਈ ਨਿੱਗਰ ਈਕੋ-ਸਿਸਟਮ ਮੁਹੱਈਆ ਕਰਦਾ ਹੈ।”

ਮੁੱਖ ਮੰਤਰੀ ਭਗਵੰਤ ਮਾਨ ਨੇ ਦੁਹਰਾਇਆ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ‘ਰਾਈਟ ਟੂ ਬਿਜ਼ਨਸ ਐਕਟ` ਪਾਸ ਕੀਤਾ, ਜਿਸ ਨਾਲ ਉੱਦਮੀਆਂ ਲਈ ਕੰਮਕਾਜ ਸ਼ੁਰੂ ਕਰਨ ਦੀ ਪ੍ਰਕਿਰਿਆ ਸੁਖਾਲੀ ਹੋਈ। ਉਨ੍ਹਾਂ ਕਿਹਾ, “ਪੰਜਾਬ ਦਾ ਮਜ਼ਬੂਤ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਾਈਜ਼ਡ ਜਨਤਕ ਸੇਵਾ ਡਿਲੀਵਰੀ ਉਦਯੋਗ ਦੇ ਮਾਪਦੰਡਾਂ ਵਜੋਂ ਉੱਭਰੀ ਹੈ। ਕਈ ਹੋਰ ਸੂਬਿਆਂ ਨੇ ਵੀ ਪੰਜਾਬ ਮਾਡਲ ਅਪਣਾਇਆ ਹੈ।

Read more: ਵਿੱਤੀ ਰੁਕਾਵਟਾਂ ਯੋਗ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ: ਡਾ. ਬਲਬੀਰ ਸਿੰਘ

ਵਿਦੇਸ਼

Scroll to Top