ਚੰਡੀਗੜ੍ਹ, 10 ਮਾਰਚ 2025: ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਵਾਲੀ ਝੋਨੇ ਦੀ ਫਸਲ ਦਾ ਇੱਕ ਲਾਹੇਵੰਦ ਵਿਕਲਪ ਪ੍ਰਦਾਨ ਕਰਨ ਲਈ ਵੱਧ ਪੈਦਾਵਾਰ ਵਾਲਾ ਮੱਕੀ ਹਾਈਬ੍ਰਿਡ ਬੀਜ, PMH-17 (Hybrid seed PMH-17) ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਦੋਹਰੇ ਮਕਸਦ ਵਾਲਾ ਹਾਈਬ੍ਰਿਡ ਬੀਜ ਅਨਾਜ ਅਤੇ ਸਾਈਲੇਜ ਦੋਵਾਂ ਦੇ ਉਤਪਾਦਨ ਲਈ ਢੁਕਵਾਂ ਹੈ।
ਇਸ ਸਬੰਧੀ ਸੰਬੰਧੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੇ ਦੱਸਿਆ ਕਿ ਇਸ ਹਾਈਬ੍ਰਿਡ ਕਿਸਮ ਦੀ ਬਿਜਾਈ ਮਈ ਦੇ ਆਖਰੀ ਹਫ਼ਤੇ ਤੋਂ ਜੂਨ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ, ਜੋ ਕਿ 96 ਦਿਨਾਂ ‘ਚ ਪੱਕ ਜਾਂਦੀ ਹੈ। ਇਹ ਖਾਸ ਬਿਜਾਈ ਸਮਾਂ ਅਤੇ ਥੋੜ੍ਹੇ ਸਮੇਂ ‘ਚ ਫਸਲ ਦੀ ਪਰਿਪੱਕਤਾ ਕਿਸਾਨਾਂ ਲਈ ਲਾਭਦਾਇਕ ਹੋ ਸਕਦੀ ਹੈ, ਜਿਸ ਨਾਲ ਇੱਕੋ ਸੀਜ਼ਨ ‘ਚ ਕਈ ਫਸਲਾਂ ਦੀ ਕਟਾਈ ਕੀਤੀ ਜਾ ਸਕਦੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਸਟੇਟ ਵੇਰੀਏਟਲ ਅਪਰੂਵਲ ਕਮੇਟੀ ਫਾਰ ਫ਼ੀਲਡ ਕਰੌਪਸ ਦੇ ਚੇਅਰਮੈਨ ਜਸਵੰਤ ਸਿੰਘ ਨੇ ਕਿਹਾ ਕਿ ਪੀ.ਐਮ.ਐਚ-17 ਪੰਜਾਬ ਦੇ ਕਿਸਾਨਾਂ ਲਈ ਇੱਕ ਨਵੀਂ ਉਮੀਦ ਲੈ ਕੇ ਆਉਣ ਵਾਲੀ ਮੱਕੀ ਦੀ ਨਵੀਂ ਹਾਈਬ੍ਰਿਡ (Hybrid seed PMH-17) ਕਿਸਮ ਹੈ। ਇਸਦੀ ਉੱਚ ਸਟਾਰਚ ਸਮੱਗਰੀ ਦੇ ਕਾਰਨ ਇਹ ਈਥਾਨੌਲ ਉਤਪਾਦਨ ਲਈ ਢੁਕਵਾਂ ਹੈ। ਇਹ ਪ੍ਰਤੀ ਏਕੜ ਔਸਤਨ 25 ਕੁਇੰਟਲ ਝਾੜ ਦਿੰਦਾ ਹੈ |
ਇਸ ‘ਚ ਫਾਲ ਆਰਮੀਵੌਰਮਸ ਅਤੇ ਮੇਡਿਸ ਲੀਫ ਬਲਾਈਟ ਵਰਗੇ ਆਮ ਕੀੜਿਆਂ ਪ੍ਰਤੀ ਦਰਮਿਆਨੀ ਦਰਮਿਆਨੀ ਰੋਧਕਤਾ ਹੈ। ਇਸ ਹਾਈਬ੍ਰਿਡ ‘ਚ ਚੌੜੇ, ਖੜ੍ਹੇ ਪੱਤੇ, ਅਰਧ-ਖੁੱਲ੍ਹੇ ਟੇਸਲਜ਼, ਦਰਮਿਆਨੇ-ਫਲਿੰਟ ਵਾਲੇ ਈਅਰ ਅਤੇ ਪੀਲੇ-ਸੰਤਰੀ ਰੰਗ ਦੇ ਦਾਣੇ ਹਨ, ਜੋ ਇਸਨੂੰ ਇੱਕ ਤਾਕਤਵਰ ਅਤੇ ਉਤਪਾਦਕ ਪੌਦਾ ਬਣਾਉਂਦੇ ਹਨ।
ਇਸ ਨਵੇਂ ਹਾਈਬ੍ਰਿਡ ਮੱਕੀ ਦੇ ਬੀਜ ਦੇ ਵਧੀਆ ਝਾੜ, ਈਥਾਨੌਲ ਉਤਪਾਦਨ ਅਤੇ ਬਿਮਾਰੀ ਪ੍ਰਤੀਰੋਧ ਨੂੰ ਉਜਾਗਰ ਕਰਦਿਆਂ, ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੀ ਖੇਤੀਬਾੜੀ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਸੀਜ਼ਨ ਤੋਂ ਕਿਸਾਨਾਂ ‘ਚ ਇਸ ਬੀਜ ਦੀ ਸਮੇਂ ਸਿਰ ਅਤੇ ਵਿਆਪਕ ਵੰਡ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨ ਇਸਨੂੰ ਆਸਾਨੀ ਨਾਲ ਅਪਣਾ ਸਕਣ ਅਤੇ ਸੂਬੇ ਦੇ ਖੇਤੀਬਾੜੀ ਵਿਕਾਸ ‘ਚ ਯੋਗਦਾਨ ਪਾ ਸਕਣ।
Read More: ਪੰਜਾਬ ‘ਚ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਸਰੋਤ ਮੱਦੇਨਜ਼ਰ ਫਸਲੀ ਵਿਭਿੰਨਤਾ ਸਮੇਂ ਦੀ ਵੱਡੀ ਲੋੜ: ਕੁਲਤਾਰ ਸਿੰਘ ਸੰਧਵਾਂ