ਚੰਡੀਗੜ੍ਹ 23 ਸਤੰਬਰ 2025: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ‘ਚ 2,300 ਪਿੰਡ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਹਨ | ਇਨ੍ਹਾਂ ਹੜ੍ਹਾਂ ਨਾਲ 20 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਅਤੇ ਪੰਜ ਲੱਖ ਏਕੜ ਰਕਬੇ ‘ਚ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਹੜ੍ਹਾਂ ਕਾਰਨ 56 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਅਤੇ ਲਗਭਗ 7 ਲੱਖ ਲੋਕ ਬੇਘਰ ਹੋ ਗਏ ਹਨ।
ਇਸ ਤੋਂ ਇਲਾਵਾ ਸੂਬੇ ‘ਚ 3,200 ਸਰਕਾਰੀ ਸਕੂਲ ਨੁਕਸਾਨੇ ਗਏ ਹਨ, 19 ਕਾਲਜ ਮਲਬੇ ‘ਚ ਤਬਦੀਲ ਹੋਏ ਹਨ, 1,400 ਕਲੀਨਿਕਾਂ ਅਤੇ ਹਸਪਤਾਲਾਂ ਦਾ ਵੱਡਾ ਨੁਕਸਾਨ ਹੋਇਆ, 8,500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਹਨ ਅਤੇ 2,500 ਪੁਲ ਢਹਿ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ ਨੁਕਸਾਨ ਦਾ ਅਨੁਮਾਨ ਲਗਭੱਗ 14,000 ਕਰੋੜ ਰੁਪਏ ਬਣਦਾ ਹੈ, ਪਰ ਅਸਲ ਅੰਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ‘ਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਇਆ ਹੈ। ਇਸ ਪਹਿਲਕਦਮੀ ‘ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਖੁਦ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਮੁੜ ਵਸੇਬੇ ਲਈ 50 ਲੱਖ ਰੁਪਏ ਦਿੱਤੇ ਹਨ।
ਸੰਜੀਵ ਅਰੋੜਾ ਨੇ ਦੱਸਿਆ ਕਿ ਉਦਯੋਗਪਤੀਆਂ ਮੌਂਟੀ ਕਾਰਲੋ ਗਰੁੱਪ ਦੇ ਸ੍ਰੀ ਕਮਲ ਓਸਵਾਲ ਨੇ 1 ਕਰੋੜ ਰੁਪਏ, ਹੈਪੀ ਫੋਰਜਿੰਗ ਦੀ ਸ੍ਰੀਮਤੀ ਮੇਗਾ ਗਰਗ ਨੇ 1 ਕਰੋੜ ਰੁਪਏ, ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਮ.ਪੀ. ਸਹਿਗਲ ਨੇ 50 ਲੱਖ ਰੁਪਏ, ਓਕਟੇਵ ਐਪੇਰਲਸ ਦੇ ਅਭਿਸ਼ੇਕ ਅਰੋੜਾ ਨੇ 50 ਲੱਖ ਰੁਪਏ, ਵਰਧਮਾਨ ਸਪਿਨਿੰਗ ਮਿੱਲਜ਼ ਦੇ ਨੀਰਜ ਜੈਨ ਨੇ 50 ਲੱਖ ਰੁਪਏ, ਟ੍ਰਾਈਡੈਂਟ ਗਰੁੱਪ ਦੇ ਦੀਪਕ ਨੰਦਾ ਨੇ 50 ਲੱਖ ਰੁਪਏ, ਜੀ.ਬੀ. ਰਿਐਲਿਟੀ ਦੇ ਗੁਰਵਿੰਦਰ ਭੱਟੀ ਨੇ 25 ਲੱਖ ਰੁਪਏ, ਬੈਕਟਰ ਫੂਡਜ਼ , ਕਰੀਮਿਕਾ ਦੇ ਪਰਵੀਨ ਗੋਇਲ ਨੇ 20 ਲੱਖ ਰੁਪਏ, ਏਰੀ ਸੁਡਾਨਾ ਸਪਿਨਿੰਗ ਮਿੱਲਜ਼ ਦੇ ਸਿਧਾਰਥ ਖੰਨਾ ਨੇ 20 ਲੱਖ ਰੁਪਏ, ਰੌਕਮੈਨ ਫਾਊਂਡੇਸ਼ਨ ਦੇ ਸੁਮਨ ਮੁੰਝਲ ਨੇ 10 ਲੱਖ ਰੁਪਏ, ਸੀ.ਆਈ.ਸੀ.ਯੂ. ਪ੍ਰੈਜੀਡੈਂਟ ਉਪਕਾਰ ਸਿੰਘ ਆਹੂਜਾ ਨੇ 5 ਲੱਖ ਰੁਪਏ ਅਤੇ ਰਾਲਸਨ ਦੇ ਸੰਜੀਵ ਪਾਹਵਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਰਾਹਤ ਕਾਰਜਾਂ ਲਈ 2.5 ਲੱਖ ਰੁਪਏ ਦਾ ਯੋਗਦਾਨ ਪਾਇਆ।
Read More: ਸੀਵਰੇਜ ਨੈੱਟਵਰਕਾਂ ਨੂੰ ਬਹਾਲ ਕਰਨ ਲਈ 24 ਘੰਟੇ ਕੰਮ ਜਾਰੀ: ਡਾ. ਰਵਜੋਤ ਸਿੰਘ