Punjab news

ਭਾਰਤ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਲਈ ਪੰਜਾਬ “ਟੌਪ ਅਚੀਵਰ” ਪੁਰਸਕਾਰ ਨਾਲ ਸਨਮਾਨਿਤ

ਚੰਡੀਗੜ੍ਹ, 14 ਨਵੰਬਰ 2025: ਭਾਰਤ ਸਰਕਾਰ ਨੇ ਅੱਜ ਵਪਾਰ ਸੁਧਾਰ ਕਾਰਜ ਯੋਜਨਾ (BRAP) 2024 ਤਹਿਤ ਪੰਜਾਬ ਨੂੰ “ਟੌਪ ਅਚੀਵਰ” ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ |ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀ ‘ਚ ਕਰਵਾਏ ਇੱਕ ਸਮਾਗਮ ਦੌਰਾਨ ਪੰਜਾਬ ਸਰਕਾਰ ਨੂੰ ਇਹ ਵੱਕਾਰੀ ਪੁਰਸਕਾਰ ਪ੍ਰਦਾਨ ਕੀਤਾ।

ਜਿਕਰਯੋਗ ਹੈ ਕਿ ਪੰਜਾਬ ਨੇ ਭਾਰਤ ਦੇ ਪੰਜ ਮੁੱਖ ਸੁਧਾਰ ਖੇਤਰਾਂ ਜਿਨ੍ਹਾਂ ‘ਚ ਕਾਰੋਬਾਰ ਸ਼ੁਰੂ ਕਰਨਾ, ਉਸਾਰੀ ਪਰਮਿਟ ਪ੍ਰਾਪਤ ਕਰਨਾ, ਨਿਵੇਸ਼ ਆਕਰਸ਼ਣ, ਖੇਤਰ-ਵਿਸ਼ੇਸ਼ ਸਿਹਤ ਸੇਵਾਵਾਂ, ਅਤੇ ਸੇਵਾ ਪ੍ਰਬੰਧਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਭਾਰਤ ਸਰਕਾਰ ਦੇ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (DPIIT) ਨੇ ਪੰਜਾਬ ਨੂੰ “ਟੌਪ ਅਚੀਵਰ” ਨਾਲ ਸਨਮਾਨਿਤ ਕਰਦੇ ਹੋਏ, ਇਸ ਦੀਆਂ ਪਾਰਦਰਸ਼ੀ, ਕੁਸ਼ਲ ਅਤੇ ਨਿਵੇਸ਼ਕ-ਪੱਖੀ ਕਾਰੋਬਾਰੀ ਨੀਤੀਆਂ ਦੀ ਸ਼ਲਾਘਾ ਕੀਤੀ ਹੈ। ਇਹ ਸਨਮਾਨ ਪੰਜਾਬ ‘ਚ ਕਾਰੋਬਾਰ ਕਰਨ ਦੀ ਸੁਗਮਤਾ (ਈਜ਼ ਆਫ਼ ਡੂਇੰਗ ਬਿਜ਼ਨਸ) ਦੇ ਖੇਤਰ ‘ਚ ਪੰਜਾਬ ਦੀ ਮੋਹਰੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ।

ਮਾਰਚ 2022 ‘ਚ ‘ਆਪ’ ਦੀ ਪੰਜਾਬ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਹੁਣ ਤੱਕ ਪੰਜਾਬ ਨੂੰ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ ਲਗਭੱਗ 4.7 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਫੂਡ ਪ੍ਰੋਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟਸ, ਹੈਂਡ ਟੂਲਜ਼, ਸਾਈਕਲ, ਆਈ.ਟੀ. ਅਤੇ ਸੈਰ-ਸਪਾਟਾ ਵਰਗੇ ਖੇਤਰਾਂ ‘ਚ ਬੇਮਿਸਾਲ ਤਰੱਕੀ ਕਾਰਨ ਪੰਜਾਬ ਅੱਜ ਹੋਰਨਾਂ ਸੂਬਿਆਂ ਲਈ ਇੱਕ ਰੋਲ ਮਾਡਲ ਬਣ ਚੁੱਕਾ ਹੈ।

‘ਆਪ’ ਦੀ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਦੇ ਨਤੀਜੇ ਵਜੋਂ ਪੰਜਾਬ ਹੁਣ ਜਾਪਾਨ, ਅਮਰੀਕਾ, ਜਰਮਨੀ, ਯੂ.ਕੇ., ਯੂ.ਏ.ਈ., ਸਵਿਟਜ਼ਰਲੈਂਡ, ਫਰਾਂਸ, ਅਤੇ ਸਪੇਨ ਵਰਗੇ ਵਿਕਸਤ ਦੇਸ਼ਾਂ ਤੋਂ ਵੀ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ।

ਪੰਜਾਬ ਸਰਕਾਰ ਮੁਤਾਬਕ ਸੂਬਾ ਸਰਕਾਰ ਦੁਆਰਾ ਸ਼ੁਰੂ ਕੀਤਾ ‘ਫਾਸਟ ਟਰੈਕ ਪੰਜਾਬ ਪੋਰਟਲ’ ਭਾਰਤ ਦਾ ਸਭ ਤੋਂ ਉੱਨਤ ਸਿੰਗਲ-ਵਿੰਡੋ ਸਿਸਟਮ ਬਣ ਗਿਆ ਹੈ, ਜੋ 150 ਤੋਂ ਵੱਧ ਕਾਰੋਬਾਰੀ ਸੇਵਾਵਾਂ ਆਨਲਾਈਨ ਪ੍ਰਦਾਨ ਕਰਦਾ ਹੈ ਅਤੇ ਆਫਲਾਈਨ ਅਰਜ਼ੀ ਦੀ ਲੋੜ ਨੂੰ ਪੂਰੀ ਤਰ੍ਹਾਂ ਖਤਮ ਕਰਦਾ ਹੈ।

Read More: ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੀਜੇ ਦਿਨ 6 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਵੰਡੀ

Scroll to Top