27 ਪ੍ਰੋਫੈਸਰਾਂ ਨੂੰ ਤਰੱਕੀ

ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੇ 27 ਪ੍ਰੋਫੈਸਰਾਂ ਨੂੰ ਤਰੱਕੀ ਦੇ ਕੇ ਬਣਾਇਆ ਪ੍ਰਿੰਸੀਪਲ

ਚੰਡੀਗੜ੍ਹ, 22 ਅਗਸਤ 2025: ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੇ 27 ਐਸੋਸੀਏਟ ਪ੍ਰੋਫੈਸਰਾਂ/ਪ੍ਰੋਫੈਸਰਾਂ ਨੂੰ ਪ੍ਰਿੰਸੀਪਲ (ਕਾਲਜ ਕਾਡਰ) ਵਜੋਂ ਤਰੱਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪਦਉੱਨਤੀਆਂ ਤੋਂ ਬਾਅਦ ਹੁਣ ਪ੍ਰਮੋਸ਼ਨਲ ਕੋਟੇ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ।

ਹਾਲ ਹੀ ‘ਚ ਹੋਈ ਡੀ.ਪੀ.ਸੀ. ਦੌਰਾਨ ਕੁੱਲ 27 ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ | ਇਨ੍ਹਾਂ ‘ਚੋਂ 13 ਫੈਕਲਟੀ ਨੂੰ ਤੁਰੰਤ ਪ੍ਰਭਾਵ ਨਾਲ ਤਰੱਕੀ ਦਿੱਤੀ ਹੈ, ਜਦੋਂਕਿ ਬਾਕੀ 14 ਨੂੰ ਦਸੰਬਰ 2025 ਤੱਕ ਸੀਟਾਂ ਦੀ ਉਪਲਬੱਧਤਾ ਮੁਤਾਬਕ ਤਰੱਕੀ ਦਿੱਤੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਿੰਸੀਪਲਾਂ ਦੀਆਂ ਸਿੱਧੇ ਕੋਟੇ ਦੀਆਂ ਆਸਾਮੀਆਂ ਵੀ ਛੇਤੀ ਭਰੀਆਂ ਜਾਣਗੀਆਂ।

ਹਰਜੋਤ ਸਿੰਘ ਬੈਂਸ ਨੇ ਪ੍ਰੋਫੈਸਰਾਂ ਨੂੰ ਉਨ੍ਹਾਂ ਦੀ ਤਰੱਕੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਉਚੇਰੀ ਸਿੱਖਿਆ ‘ਚ ਪ੍ਰਾਪਤ ਹੋਈ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਸਮਰਪਣ ਨਾਲ ਨਿਭਾਉਣ ਦੀ ਅਪੀਲ ਕੀਤੀ।

ਇਸ ਮੌਕੇ ਪ੍ਰਬੰਧਕੀ ਸਕੱਤਰ ਉਚੇਰੀ ਸਿੱਖਿਆ ਅਨਿੰਦਿਤਾ ਮਿੱਤਰਾ ਨੇ ਵੀ ਨਵੇਂ ਤਰੱਕੀ ਪ੍ਰਾਪਤ ਕਰਨ ਵਾਲੇ ਪ੍ਰੋਫੈਸਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖੀ ਸਫਲਤਾ ਅਤੇ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਨਿੰਦਿਤਾ ਮਿੱਤਰਾ ਨੇ ਤਰੱਕੀ ਪ੍ਰਾਪਤ ਫੈਕਲਟੀ ਨੂੰ 10 ਦਿਨਾਂ ਦੇ ਅੰਦਰ ਆਪਣੀਆਂ ਹਾਜ਼ਰੀ ਰਿਪੋਰਟਾਂ ਡਾਇਰੈਕਟਰ ਉਚੇਰੀ ਸਿੱਖਿਆ, ਪੰਜਾਬ ਨੂੰ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਉਕਤ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸੂਰਤ ‘ਚ ਤਰੱਕੀ ਨੂੰ ਰੱਦ ਮੰਨਿਆ ਜਾਵੇਗਾ ਅਤੇ ਉਹ ਭਵਿੱਖ ‘ਚ ਦੋ ਸਾਲਾਂ ਲਈ ਤਰੱਕੀ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਤਰੱਕੀ ਹਾਸਲ ਕਰਨ ਵਾਲੇ ਇਹ ਪ੍ਰਿੰਸੀਪਲ ਇੱਕ ਸਾਲ ਪਰਖ-ਕਾਲ ਤਹਿਤ ਸੇਵਾ ਨਿਭਾਉਣਗੇ, ਜਿਸ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ।

Read More: ਰੱਖੜੀ ਦਾ ਤੋਹਫ਼ਾ: 435 ਆਂਗਣਵਾੜੀ ਹੈਲਪਰਾਂ ਨੂੰ ਆਂਗਣਵਾੜੀ ਵਰਕਰਾਂ ਵਜੋਂ ਤਰੱਕੀ – ਡਾ. ਬਲਜੀਤ ਕੌਰ

Scroll to Top