Punjab Health, 20 ਸਤੰਬਰ 2024: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮਜ਼ ਐਸੋਸੀਏਸ਼ਨ (FANA) ਪੰਜਾਬ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਰਾਜ ਸਰਕਾਰ ‘ਤੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਵੱਖ-ਵੱਖ ਇਲਾਜਾਂ ਲਈ 600 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ।
ਉਨ੍ਹਾਂ ਇਸ ਬਿਆਨ ਨੂੰ ‘ਝੂਠ ਅਤੇ ਗੁੰਮਰਾਹਕੁੰਨ’ ਕਰਾਰ ਦਿੱਤਾ। ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਲਈ ਕੁੱਲ ਬਕਾਇਆ ਰਾਸ਼ੀ 364 ਕਰੋੜ ਰੁਪਏ ਹੈ। ਸਰਕਾਰੀ ਅੰਕੜਿਆਂ ਅਨੁਸਾਰ ਬਕਾਇਆ ਅਦਾਇਗੀਆਂ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਹਸਪਤਾਲਾਂ ‘ਤੇ 166.67 ਕਰੋੜ ਰੁਪਏ ਬਕਾਇਆ ਹਨ ਜਦਕਿ ਨਿੱਜੀ ਹਸਪਤਾਲਾਂ ‘ਤੇ 197 ਕਰੋੜ ਰੁਪਏ ਬਕਾਇਆ ਹਨ। ਬਲਬੀਰ ਸਿੰਘ ਨੇ ਦੱਸਿਆ ਕਿ 1 ਅਪ੍ਰੈਲ 2024 ਤੋਂ ਹੁਣ ਤੱਕ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ 101.66 ਕਰੋੜ ਰੁਪਏ ਅਤੇ ਸਰਕਾਰੀ ਹਸਪਤਾਲਾਂ ਨੂੰ 112 ਕਰੋੜ ਰੁਪਏ ਭਾਵ ਕੁੱਲ 214.30 ਕਰੋੜ ਰੁਪਏ ਵੰਡੇ ਹਨ।
ਉਹਨਾਂ ਕਿਹਾ ਕਿ ਨੈਸ਼ਨਲ ਹੈਲਥ ਏਜੰਸੀ ਦੁਆਰਾ ਫਰਵਰੀ 2024 ਤੋਂ ਦਾਅਵਿਆਂ ਦੀ ਪ੍ਰਕਿਰਿਆ ਲਈ ਪੇਸ਼ ਕੀਤੇ ਗਏ ਨਵੇਂ ਸਾਫਟਵੇਅਰ ਵਿੱਚ ਬਦਲਣ ਤੋਂ ਬਾਅਦ ਤਕਨੀਕੀ ਗੜਬੜੀਆਂ ਆਈਆਂ, ਜਿਸ ਦੇ ਨਤੀਜੇ ਵਜੋਂ ਦਾਅਵਿਆਂ ਦੀ ਪ੍ਰਕਿਰਿਆ ਹੌਲੀ ਹੋ ਗਈ। ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਪੀ.ਐਚ.ਏ.ਐਨ.ਏ. ਦੇ ਨੁਮਾਇੰਦਿਆਂ ਨਾਲ ਮੀਟਿੰਗ ਬੁਲਾਈ ਗਈ ਹੈ।