Site icon TheUnmute.com

ਪੰਜਾਬ ਸਿਹਤ ਵਿਭਾਗ ਵੱਲੋਂ 12 ਮਾਰਚ ਤੋਂ ਮਨਾਇਆ ਜਾਵੇਗਾ ‘ਗਲੂਕੋਮਾ ਹਫ਼ਤਾ’: ਡਾ. ਬਲਬੀਰ ਸਿੰਘ

Dr. Balbir Singh

ਚੰਡੀਗੜ੍ਹ, 11 ਮਾਰਚ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਿਹਤ ਵਿਭਾਗ ਵੱਲੋਂ 12 ਤੋਂ 18 ਮਾਰਚ ਤੱਕ ‘ਵਿਸ਼ਵ ਗਲੂਕੋਮਾ ਹਫ਼ਤਾ’ ਮਨਾਇਆ ਜਾਵੇਗਾ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ (Punjab Health Department) ਨੇ ਸ਼ਨੀਵਾਰ ਨੂੰ ਇੱਥੇ ਦਿੱਤੀ।

ਇਸ ਸਬੰਧੀ ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਗਲੂਕੋਮਾ ( ਮੋਤੀਆ ) ਸਬੰਧਤ ਅੰਨ੍ਹੇਪਣ ਦੀ ਰੋਕਥਾਮ ਅਤੇ ਜਲਦੀ ਇਲਾਜ ਹੀ ਇਸ ਗੰਭੀਰ ਬਿਮਾਰੀ ਤੋਂ ਬਚਣ ਦਾ ਮੁੱਖ ਉਪਾਅ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਗਲੂਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੂਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ, ਤਾਂ ਕਿ ਸਮੇਂ ਸਿਰ ਉਨ੍ਹਾਂ ਦਾ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾ ਸਕੇ।

ਇਸ ਬਿਮਾਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ: ਬਲਬੀਰ ਸਿੰਘ ਨੇ ਦੱਸਿਆ ਕਿ ‘ਗਲੂਕੋਮਾ ’ ਵਿਸ਼ਵ ਵਿੱਚ ਲਾ-ਇਲਾਜ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਹੈ। ਇਹ ਬਿਮਾਰੀ ਅੱਖਾਂ ਦੇ ਦਬਾਅ (ਇੰਟਰਾਓਕੂਲਰ ਪ੍ਰੈਸ਼ਰ) ਵਿੱਚ ਵਾਧੇ ਕਾਰਨ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਮਰੀਜ਼ ਨੂੰ ਦੇਖਣ ਵਿੱਚ ਸਮੱਸਿਆ ਹੁੰਦੀ ਹੈ। ਉਹਨਾਂ ਅੱਗੇ ਕਿਹਾ ਕਿ ਕਾਲਾ ਮੋਤੀਆ ਅਕਸਰ ਚੁੱਪ-ਚਪੀਤੇ ਨਿਗਾਹ ਨੂੰ ਪ੍ਰਭਾਵਤ ਕਰਦਾ ਹੈ ਕਿਉਂਕਿ ਮਰੀਜ਼ ਨੂੰ ਮਾਡਰੇਟ ਤੋਂ ਐਡਵਾਂਸ ਸਟੇਜ ਤੱਕ ਇਸਦਾ ਕੋਈ ਵੀ ਲੱਛਣ ਨਹੀਂ ਮਿਲਦਾ।

ਲਗਭਗ 12 ਮਿਲੀਅਨ ਭਾਰਤੀ ਗਲੂਕੋਮਾ (ਮੋਤੀਆ) ਤੋਂ ਪੀੜਤ

ਮੰਤਰੀ (Punjab Health Department) ਨੇ ਕਿਹਾ ਕਿ ਜੇਕਰ ਬਿਮਾਰੀ ਦਾ ਜਲਦ ਪਤਾ ਲਗਾ ਲਿਆ ਜਾਵੇ ਅਤੇ ਸਹੀ ਇਲਾਜ ਉਪਲਬਧ ਹੋਵੇ ਤਾਂ ਘੱਟੋ-ਘੱਟ 90 ਫੀਸਦ ਮਾਮਲਿਆਂ ਵਿੱਚ ਅੰਨ੍ਹੇਪਣ ਨੂੰ ਰੋਕਿਆ ਜਾ ਸਕਦਾ ਹੈ । ਜ਼ਿਕਰਯੋਗ ਹੈ ਕਿ ਲਗਭਗ 12 ਮਿਲੀਅਨ ਭਾਰਤੀ ਗਲੂਕੋਮਾ (ਮੋਤੀਆ) ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 1.2 ਮਿਲੀਅਨ ਇਸ ਬਿਮਾਰੀ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ।

ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਗਲੂਕੋਮਾ ਤੋਂ ਪੀੜਤ ਹੋ ਸਕਦਾ ਹੈ , ਪਰ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਪਰਿਵਾਰਕ ਮੈਂਬਰ ਜਿਸਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ ਜਿਹੀ ਕੋਈ ਬਿਮਾਰੀ ਹੋਵੇ ਜਾਂ ਕੋਰਟੀਕੋਸਟੀਰੋਇਡ ਖਾਸ ਤੌਰ ’ਤੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਕੁਝ ਲੋਕਾਂ ਲਈ ਇਹ ਵਧੇਰੇ ਜੋਖਮ-ਭਰਪੂਰ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅੱਖਾਂ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੂਕੋਮਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਬਿਮਾਰੀ ਦੀ ਪਛਾਣ ਅਤੇ ਸਾਵਧਾਨੀਪੂਰਵਕ ਇਲਾਜ ਕਰਾਉਣ ਨਾਲ ਜ਼ਿਆਦਾਤਰ ਮਾਮਲਿਆਂ ਵਿੱਚ ਨਜ਼ਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਉਹਨਾਂ ਸਲਾਹ ਦਿੰਦਿਆਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ-ਤਿੰਨ ਸਾਲ ਬਾਅਦ ਅੱਖਾਂ ਦੀ ਮੁਕੰਮਲ ਜਾਂਚ ਕਰਵਾਉਣੀ ਚਾਹੀਦੀ ਹੈ, ਜਦੋਂ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਛਮਾਹੀ-ਦਰ-ਛਮਾਹੀ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਮੰਤਰੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ‘ਵਿਸ਼ਵ ਗਲੂਕੋਮਾ ਹਫ਼ਤਾ’ ਮਨਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਮੁਫ਼ਤ ਅੱਖਾਂ ਦੇ ਜਾਂਚ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਂਈਡਨੈਸ ਐਂਡ ਵਿਜ਼ੂਅਲ ਇੰਪੇਅਰਮੈਂਟ(ਐਨ.ਪੀ.ਸੀ. ਅਤੇ ਵੀ.ਆਈ. ) ਤਹਿਤ ਆਈ.ਈ.ਸੀ. ਗਤੀਵਿਧੀਆਂ ਦੀ ਇੱਕ ਲੜੀ – ਜਿਸ ਵਿੱਚ ਰੇਡੀਓ ਭਾਸ਼ਣ, ਜਾਗਰੂਕਤਾ ਭਾਸ਼ਣ/ਸੀਐਮਈ, ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ, ਲੈਕਚਰ, ਸਕੂਲਾਂ ਵਿੱਚ ਪੇਂਟਿੰਗ ਮੁਕਾਬਲੇ, ਵਾਕਥੌਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਸ਼ਾਮਲ ਹਨ, ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਗਲੂਕੋਮਾ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕ ਕੀਤਾ ਸਕੇ।

Exit mobile version