ਚੰਡੀਗੜ੍ਹ/ ਨਵੀਂ ਦਿੱਲੀ, 30 ਸਤੰਬਰ 2025: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਬੀਤੇ ਦਿਨ ਗੁਰੂਗ੍ਰਾਮ ‘ਚ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਪੰਜਾਬ ‘ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਸਾਡੀ ਸਰਕਾਰ ਬਣਨ ਤੋਂ ਬਾਅਦ ਸਾਨੂੰ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ ਇਨ੍ਹਾਂ ਨਿਵੇਸ਼ਾਂ ਨਾਲ ਸਾਢੇ ਚਾਰ ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ‘ਚ ਉਦਯੋਗਪਤੀ ਪੰਜਾਬ ‘ਚ ਨਿਵੇਸ਼ ਕਰਨ ‘ਚ ਡੂੰਘੀ ਰੁਚੀ ਦਿਖਾ ਰਹੇ ਹਨ, ਜਿਨ੍ਹਾਂ ‘ਚ ਸਟੀਲ, ਆਈਟੀ ਅਤੇ ਸੈਮੀਕੰਡਕਟਰ ਉਦਯੋਗ ਆਦਿ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ‘ਚ ਇੱਕ ਹੌਸਪਿਟਲ ਚੇਨ ਵੀ ਸਥਾਪਤ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨਫੋਸਿਸ ਲਿਮਟਿਡ ਵੀ ਮੋਹਾਲੀ ‘ਚ ਆਪਣੇ ਪਲਾਂਟ ਦਾ ਵਿਸਥਾਰ ਕਰ ਰਹੀ ਹੈ, ਜੋ 2500 ਪੰਜਾਬੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਵਰਧਮਾਨ ਸਟੀਲ ਅਤੇ ਹੈਪੀ ਫੋਰਜਿੰਗ ਦੁਆਰਾ ਪੰਜਾਬ ‘ਚ ਸਟੀਲ ਪਲਾਂਟ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ ਮੋਹਾਲੀ ‘ਚ 950 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਅਸੀਂ ਵੱਖ-ਵੱਖ ਸੈਕਟਰਾਂ ਦੀਆਂ 24 ਉਦਯੋਗਿਕ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਇਹ ਸਾਰੀਆਂ ਕਮੇਟੀਆਂ ਵੱਖ-ਵੱਖ ਉਦਯੋਗਿਕ ਖੇਤਰਾਂ ਦੀ ਨੁਮਾਇੰਦਗੀ ਕਰ ਰਹੀਆਂ ਹਨ। ਸਟੀਲ, ਭਾਰੀ ਉਦਯੋਗ, ਹੌਜ਼ਰੀ ਟੈਕਸਟਾਈਲ, ਬਾਈ-ਸਾਈਕਲ, ਆਈਟੀ, ਸੈਮੀਕੰਡਕਟਰ, ਪ੍ਰਾਹੁਣਚਾਰੀ ਅਤੇ ਸਿਹਤ ਸੰਭਾਲ ਆਦਿ ਵਰਗੇ ਵੱਖ-ਵੱਖ ਉਦਯੋਗਾਂ ਦੀ ਹਰੇਕ ਕਮੇਟੀ ‘ਚ 12 ਮੈਂਬਰ ਹਨ।
ਉਨ੍ਹਾਂ ਕਿਹਾ ਕਿ ਉਮੀਦ ਹੈ ਇਨ੍ਹਾਂ ਕਮੇਟੀਆਂ ਦੀਆਂ ਸਾਰੀਆਂ ਰਿਪੋਰਟਾਂ ਇਸ ਹਫ਼ਤੇ ਦੇ ਅੰਦਰ ਪੇਸ਼ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਇਸ ਲਈ 1 ਅਕਤੂਬਰ ਆਖਰੀ ਤਾਰੀਖ਼ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕਮੇਟੀਆਂ ਦੀ ਉਦਯੋਗ ਵਿਭਾਗ ਦੁਆਰਾ ਨਿਯਮਿਤ ਤੌਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇੱਕ ਨਵੀਂ ਉਦਯੋਗਿਕ ਨੀਤੀ ਲੈ ਕੇ ਆ ਰਹੇ ਹਾਂ ਜੋ ਉਦਯੋਗ ਦੇ ਹਰ ਸੈਕਟਰ ਦਾ ਧਿਆਨ ਰੱਖੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ‘ਚ ਰਾਈਟ ਟੂ ਬਿਜ਼ਨਸ ਐਕਟ ਪਾਸ ਕੀਤਾ ਹੈ, ਜਿਸ ‘ਚ ਸਾਰੇ ਉਦਯੋਗ ਜੋ ਹਰੀ ਸ਼੍ਰੇਣੀ ਅਧੀਨ ਆਉਂਦੇ ਹਨ ਅਤੇ ਕਈ ਸਾਰੇ ਜੋ ਸੰਤਰੀ ਸ਼੍ਰੇਣੀ ਦੇ ਅਧੀਨ ਆਉਂਦੇ ਹਨ, ਨੂੰ ਉਨ੍ਹਾਂ ਦੀ ਲੋਕੇਸ਼ਨ ਦੇ ਆਧਾਰ ‘ਤੇ 5 ਤੋਂ 18 ਦਿਨਾਂ ਅੰਦਰ-ਅੰਦਰ ਮਨਜ਼ੂਰੀਆਂ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਦਯੋਗ, ਕਿਸੇ ਪ੍ਰਵਾਨਿਤ ਉਦਯੋਗਿਕ ਪਾਰਕ ਜਾਂ ਰੀਅਲ ਅਸਟੇਟ ਪ੍ਰੋਜੈਕਟ ‘ਚ ਸਥਿਤ ਹੈ ਤਾਂ ਉਸ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਮਨਜ਼ੂਰੀਆਂ ਮਿਲ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਨਿਵੇਸ਼ਕਾਂ ਨੂੰ ਪੰਜਾਬ ‘ਚ 45 ਦਿਨਾਂ ਦੇ ਅੰਦਰ-ਅੰਦਰ ਪ੍ਰਵਾਨਗੀਆਂ ਮਿਲ ਜਾਣਗੀਆਂ ਅਤੇ ਜੇਕਰ ਉਦਯੋਗਾਂ ਨੂੰ 45 ਦਿਨਾਂ ਦੇ ਅੰਦਰ ਪ੍ਰਵਾਨਗੀ ਨਹੀਂ ਮਿਲਦੀ ਹੈ ਤਾਂ ਪ੍ਰੋਜੈਕਟ ਆਪਣੇ ਆਪ ਮਨਜ਼ੂਰ ਮੰਨੇ ਜਾਣਗੇ।
Read More: ਪੰਜਾਬ ਦੇ ਸਿਹਤ ਕੈਂਪਾਂ ‘ਚ 25,000 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ: ਡਾ. ਬਲਬੀਰ ਸਿੰਘ