ਚੰਡੀਗੜ੍ਹ, 25 ਦਸੰਬਰ 2024: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸਾਲ 2024 ‘ਚ ਪੇਂਡੂ ਆਬਾਦੀ ਨੂੰ ਪੀਣ ਵਾਲਾ ਸ਼ੁੱਧ ਪਾਣੀ ਅਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਪ੍ਰਦਾਨ ਕਰਨ ‘ਚ ਟੀਚੇ ਹਾਸਲ ਕੀਤੇ ਹਨ।
ਜਲ ਸਪਲਾਈ ਵਿਭਾਗ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਬਾਰੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ‘ਹਰ ਘਰ ਜਲ’ ਤਹਿਤ ਪੰਜਾਬ 100 ਫੀਸਦੀ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦੇਣ ਵਾਲਾ ਦੇਸ਼ ਦਾ ਪੰਜਵਾਂ ਸੂਬਾ ਬਣ ਗਿਆ ਹੈ। ਪਾਣੀ ਦੀ ਗੁਣਵੱਤਾ ਅਤੇ ਪਾਣੀ ਦੀ ਕਮੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 2174 ਕਰੋੜ ਰੁਪਏ ਦੀ ਲਾਗਤ ਨਾਲ 1706 ਪਿੰਡਾਂ ਨੂੰ ਕਵਰ ਕਰਨ ਵਾਲੇ 15 ਵੱਡੇ ਨਹਿਰੀ ਪਾਣੀ ਦੇ ਪ੍ਰਾਜੈਕਟ ਚੱਲ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਲਗਭਗ 25 ਲੱਖ ਦੀ ਆਬਾਦੀ ਅਤੇ 4 ਲੱਖ ਪਰਿਵਾਰਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਦਾ ਲਾਭ ਮਿਲੇਗਾ।
ਹਰਦੀਪ ਸਿੰਘ ਮੁੰਡੀਆਂ ਨੇ ਅੱਗੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਤਹਿਤ ਰਾਜ ਦੇ ਸਾਰੇ ਪਿੰਡਾਂ ਨੇ ਖੁੱਲੇ ‘ਚ ਸ਼ੌਚ ਤੋਂ ਮੁਕਤ ਦਰਜਾ ਪ੍ਰਾਪਤ ਕੀਤਾ ਹੈ। ਇਹ ਦਰਜਾ ਹਾਸਲ ਕਰਨ ਲਈ ਕੁੱਲ 5.64 ਲੱਖ ਵਿਅਕਤੀਗਤ ਘਰੇਲੂ ਪਖਾਨੇ ਅਤੇ 1340 ਕਮਿਊਨਿਟੀ ਟਾਇਲਟ ਬਣਾਏ ਗਏ ਹਨ। ਪੰਜਾਬ ਦੇ 10,435 ਤੋਂ ਵੱਧ ਪਿੰਡ ਓਡੀਐਫ ਪਲੱਸ (ਇੱਛੁਕ) ਬਣ ਚੁੱਕੇ ਹਨ ਅਤੇ 1,289 ਪਿੰਡਾਂ ਨੇ ਓਡੀਐਫ ਪਲੱਸ (ਮਾਡਲ) ਦਾ ਦਰਜਾ ਹਾਸਲ ਕੀਤਾ ਹੈ। ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ 3366 ਪਿੰਡਾਂ ‘ਚ ਅਤੇ ਗ੍ਰੇ ਵਾਟਰ ਪ੍ਰਬੰਧਨ ਲਈ 9909 ਪਿੰਡਾਂ ‘ਚ ਵੇਸਟ ਮੈਨੇਜਮੈਂਟ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ (Hardeep Singh Mundian) ਨੇ ਦੱਸਿਆ ਕਿ 31 ਐੱਨ.ਏ.ਬੀ.ਐੱਲ. ਮਾਨਤਾ ਪ੍ਰਾਪਤ ਵਾਟਰ ਟੈਸਟਿੰਗ ਲੈਬਾਰਟਰੀਆਂ ਦਾ ਨੈੱਟਵਰਕ ਸਰਗਰਮ ਹੈ। ਇਸ ਤੋਂ ਇਲਾਵਾ ਦੋ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀਆਂ ਵੀ ਹਨ ਜੋ ਪਿੰਡਾਂ ‘ਚ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ‘ਚ ਸਹਾਈ ਹੁੰਦੀਆਂ ਹਨ। ਹਰੇਕ ਜ਼ਿਲ੍ਹੇ ‘ਚ ਇੱਕ NABL ਮਾਨਤਾ ਪ੍ਰਾਪਤ ਕਾਰਜਸ਼ੀਲ ਪ੍ਰਯੋਗਸ਼ਾਲਾ ਉਪਲਬੱਧ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੇਡਾ ਦੇ ਸਹਿਯੋਗ ਨਾਲ ਗਊ ਸ਼ੈੱਡਾਂ ‘ਚ ਗੋਬਰ ਪ੍ਰਬੰਧਨ ਲਈ ਜ਼ਿਲ੍ਹਾ ਪੱਧਰ ‘ਤੇ 20 ਬਾਇਓ ਗੈਸ ਪਲਾਂਟ ਲਗਾਏ ਹਨ। ਪੇਂਡੂ ਖੇਤਰਾਂ ‘ਚ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਲਈ ਬਲਾਕ ਪੱਧਰ ‘ਤੇ 23 ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਸਥਾਪਿਤ ਕੀਤੇ ਹਨ।
Read More: ਪੰਜਾਬ ਸਰਕਾਰ ਵੱਲੋਂ ਜ਼ਮੀਨਦੋਜ਼ ਪਾਈਪਲਾਈਨ ਸਿੰਜਾਈ ਨੈੱਟਵਰਕ ਦੇ ਵਿਸਥਾਰ ਲਈ 277 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ