ਚੰਡੀਗੜ੍ਹ 22 ਨਵੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (VSSL) ਨੂੰ 1750 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ‘ਚ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ (Greenfield unit) ਸਥਾਪਿਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਸੀਐੱਮ ਭਗਵੰਤ ਮਾਨ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਵੀ.ਐਸ.ਐਸ.ਐਲ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਬੈਠਕ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਪੰਜਾਬ ਦੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਮੌਜੂਦ ਸਨ।
ਸੀਐੱਮ ਮਾਨ ਨੇ ਕਿਹਾ ਕਿ ਵੀਐਸਐਸਐਲ 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਿਤ ਕਰ ਰਿਹਾ ਹੈ। ਭਗਵੰਤ ਮਾਨ ਨੇ ਦੱਸਿਆ ਕਿ 5 ਲੱਖ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ ਜਾਪਾਨੀ ਕੰਪਨੀ ‘ਏਚੀ ਸਟੀਲ ਕਾਰਪੋਰੇਸ਼ਨ’ ਦੇ ਸਹਿਯੋਗ ਨਾਲ 1750 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਜਾਵੇਗਾ।
ਸੀਐੱਮ ਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਪੰਜਾਬ ਦੇ 1500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ ਅਤੇ ਕੰਪਨੀ ਇਸ ਪਲਾਂਟ ਵਿੱਚ “ਗਰੀਨ ਸਟੀਲ” ਦਾ ਉਤਪਾਦਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ (Greenfield unit) ਨਾਲ ਪੰਜਾਬ ਅਤੇ ਦੇਸ਼ ਨੂੰ ਭਾਰੀ ਆਮਦਨ ਹੋਵੇਗੀ ਕਿਉਂਕਿ 20 ਫੀਸਦੀ ਤੋਂ ਵੱਧ ਉਤਪਾਦ ਜਾਪਾਨੀ ਅਤੇ ਯੂਰਪੀ ਕੰਪਨੀਆਂ ਨੂੰ ਨਿਰਯਾਤ ਕੀਤੇ ਜਾਣਗੇ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਵੀ.ਐਸ.ਐਸ.ਐਲ ਵਿਸ਼ਵ ਭਰ ‘ਚ ਇੱਕ ਨਾਮੀ ਕੰਪਨੀ ਹੈ ਅਤੇ ਇਸ ਨਾਮੀ ਕੰਪਨੀ ਵੱਲੋਂ ਪੰਜਾਬ ‘ਚ ਕੀਤਾ ਵੱਡਾ ਨਿਵੇਸ਼ ਹੋਰ ਕੰਪਨੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਸਨਅਤ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਟਾਟਾ ਸਟੀਲ, ਸਨਾਤਨ ਟੈਕਸਟਾਈਲ ਅਤੇ ਹੋਰ ਪ੍ਰਮੁੱਖ ਕੰਪਨੀਆਂ ਵੱਲੋਂ ਪੰਜਾਬ ‘ਚ ਹੁਣ ਤੱਕ 86,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਭਾਈਚਾਰਕ ਏਕਤਾ, ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਹੈ, ਜੋ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਦਾ ਆਧਾਰ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਪਨੀਆਂ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਪੰਜਾਬ ‘ਚ ਉਪਲਬੱਧ ਸ਼ਾਨਦਾਰ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਸ਼ਾਨਦਾਰ ਉਦਯੋਗਿਕ ਸੱਭਿਆਚਾਰ ਦਾ ਵੱਧ ਤੋਂ ਵੱਧ ਲਾਭ ਉਠਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਇੱਕ ਵੱਡੇ ਉਦਯੋਗਿਕ ਕੇਂਦਰ ਵਜੋਂ ਉਭਰ ਰਿਹਾ ਹੈ, ਜਿੱਥੇ ਨਿਵੇਸ਼ਕਾਂ ਨੂੰ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਪੂਰਾ ਲਾਭ ਮਿਲ ਰਿਹਾ ਹੈ।