ਚੰਡੀਗੜ੍ਹ, 21 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਵਿਧਾਨ ਸਭਾ ਵਿੱਚ ਵਰਤੇ ‘ਲਵ ਲੈਟਰ’ ਸ਼ਬਦ ‘ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਇਤਰਾਜ਼ ਜਤਾਇਆ ਹੈ | ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵਰਗੀ ਸ਼ਬਦਾਵਲੀ ਨਹੀਂ ਵਰਤ ਸਕਦਾ | ਮੁੱਖ ਮੰਤਰੀ ਨੂੰ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਸੰਦ ਕਰੋ ਜਾਂ ਨਾ ਕਰੋ ਗਵਰਨਰ ਦਾ ਰਹੇਗਾ ਹੀ |
ਇਸਦੇ ਨਾਲ ਹੀ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਸਰਕਾਰ ਚੰਗੀ ਤਰ੍ਹਾਂ ਚੱਲਣੀ ਚਾਹੀਦੀ ਹੈ। ਮੇਰੇ ਉੱਪਰ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ‘ਮੇਰੀ ਸਰਕਾਰ’ ਕਹਿਣ ਲਈ ਮੈਂ ਮੁੱਖ ਮੰਤਰੀ ਦੀ ਹੀ ਗੱਲ ਮੰਨੀ ਹੈ।
ਮੁੱਖ ਮੰਤਰੀ ਦੇ ਹੈਲੀਕਾਪਟਰ ਵਾਲੇ ਬਿਆਨ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਮੈਂ ਹੈਲੀਕਾਪਟਰ ਨਿੱਜੀ ਕੰਮ ਲਈ ਨਹੀਂ ਵਰਤਿਆ, ਮੈਂ ਹੁਣ ਕਦੇ ਹੈਲੀਕਾਪਟਰ ਨਹੀਂ ਵਰਤਾਂਗਾ, ਜਿੱਥੇ ਵੀ ਜਾਣਾ ਹੋਵੇਗਾ ਆਪਣੀ ਗੱਡੀ ‘ਚ ਹੀ ਜਾਵਾਂਗਾ | ਉਨ੍ਹਾਂ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਚਿੱਠੀਆਂ ਲਿਖੀਆਂ ਹਨ ਅਤੇ ਮੁੱਖ ਮੰਤਰੀ ਨੂੰ ਚਿੱਠੀਆਂ ਦਾ ਜਵਾਬ ਤਾਂ ਦੇਣਾ ਹੀ ਪਵੇਗਾ |