ਚੰਡੀਗੜ੍ਹ, 14 ਅਗਸਤ 2024: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਹਾੜੇ 2024 (Independence Day 2024) ਦੀ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 77 ਸਾਲ ਪੂਰੇ ਹੋਣ ‘ਤੇ ਮੈਂ ਸਾਰੇ ਭਾਰਤ ਵਾਸੀਆਂ, ਖਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਉਨ੍ਹਾਂ ਕਿਹਾ ਅੱਜ ਅਸੀਂ ਉਨ੍ਹਾਂ ਸਾਰੇ ਕੁਰਬਾਨੀਆਂ, ਸਮਰਪਿਤ ਆਗੂਆਂ ਅਤੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ | ਮਹਾਤਮਾ ਗਾਂਧੀ, ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਬਾਲ ਗੰਗਾਧਰ ਤਿਲਕ ਅਤੇ ਕਰੋੜਾਂ ਭਾਰਤੀਆਂ ਨੇ ਭਾਰਤ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਇਆ।
ਇਸ ਦੇ ਨਾਲ ਹੀ ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਦੇ ਬਹਾਦਰ ਜਵਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਅਖੰਡਤਾ ਅਤੇ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਦੇਸ਼ ਦੀ ਆਜ਼ਾਦੀ ‘ਚ ਪੰਜਾਬ ਦਾ ਵਿਲੱਖਣ ਯੋਗਦਾਨ ਦੁਨੀਆਂ ਦੇ ਇਤਿਹਾਸ ‘ਚ ਕਿਧਰੇ ਵੀ ਨਹੀਂ ਦੇਖਿਆ ਜਾ ਸਕਦਾ। ਮਹਾਨ ਕ੍ਰਾਂਤੀਕਾਰੀਆਂ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਆਦਿ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਖੂਨ ਦੀ ਇੱਕ-ਇੱਕ ਬੂੰਦ ਵਹਾਈ ਅਤੇ ਜੇਲ੍ਹਾਂ ‘ਚ ਤਸੀਹੇ ਝੱਲੇ। ਉਹ ਸਾਡੇ ਸਾਰਿਆਂ ਲਈ ਇੱਕ ਅਮੀਰ ਵਿਰਾਸਤ ਛੱਡ ਗਏ ਹਨ, ਜੋ ਭਾਰਤ ਦੀ ਸ਼ਾਨ ਅਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਦ੍ਰਿੜ ਵਚਨਬੱਧਤਾ ਦੇ ਨਾਲ-ਨਾਲ ਸਾਡੀ ਮਾਤ ਭੂਮੀ ਲਈ ਅਥਾਹ ਪਿਆਰ ਅਤੇ ਸਤਿਕਾਰ ਦੀ ਮੰਗ ਕਰਦਾ ਹੈ।
ਪੰਜਾਬ ਦੇ ਉਨ੍ਹਾਂ ਲੋਕਾਂ ਦੇ ਸ਼ਲਾਘਾਯੋਗ ਯੋਗਦਾਨ ਨੂੰ ਯਾਦ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲਈ ਹਮੇਸ਼ਾ ਦਲੇਰੀ ਅਤੇ ਵਚਨਬੱਧਤਾ ਦਿਖਾਈ ਹੈ। ਪੰਜਾਬ ਭਾਰਤ ਦੇ ਇੱਕ ਪ੍ਰਗਤੀਸ਼ੀਲ ਰਾਜ ਵਜੋਂ ਹਮੇਸ਼ਾ ਮੋਹਰੀ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ (Independence Day 2024) ‘ਤੇ ਰਾਸ਼ਟਰ ਦੇ ਸਾਹਮਣੇ “ਅੰਮ੍ਰਿਤ ਕਾਲ” ਦਾ ਸੰਕਲਪ ਪੇਸ਼ ਕੀਤਾ। ਅੰਮ੍ਰਿਤ ਕਾਲ 2047 ਦੇ ‘ਨਵੇਂ ਭਾਰਤ’ ਦਾ ਪ੍ਰਧਾਨ ਮੰਤਰੀ ਦਾ ਸੰਕਲਪ ਹੈ, ਜੋ ਦੇਸ਼ ਲਈ ਇੱਕ ਨਵੀਂ ਸਵੇਰ ਹੈ, ਜੋ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੌਕਾ ਲਿਆਵੇਗਾ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਲਈ ਆਪਣੇ ਫਰਜ਼ ਨਿਭਾਉਣ ਦਾ ਸਮਾਂ ਹੈ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਲਈ ਮਾਂ ਭਾਰਤੀ ਲਈ ਕੁਝ ਕਰਨ ਦਾ ਸਮਾਂ ਹੈ।