ਚੰਡੀਗੜ੍ਹ, 16 ਅਪ੍ਰੈਲ 2025: ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਨੂੰ ਨੋਟੀਫਾਈ ਕੀਤਾ ਗਿਆ ਹੈ | ਇਸ ਤਹਿਤ ਅਜਿਹੇ ਜੋੜੇ ਮਾਣਯੋਗ ਅਦਾਲਤ ‘ਚ ਜਾਣ ਦੀ ਬਜਾਏ ਆਪਣੇ ਨੇੜਲੇ ਪੁਲਿਸ ਸਟੇਸ਼ਨ ‘ਚ ਸੁਰੱਖਿਆ ਦੀ ਮੰਗ ਕਰ ਸਕਦੇ ਹਨ।
ਇਹ ਨਵੀਂ ਨੋਟੀਫਾਈ SOP ਉਨ੍ਹਾਂ ਜੋੜਿਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਲਿਆਂਦੀ ਹੈ ਜਿਨ੍ਹਾਂ ਨੂੰ ਸਮਾਜਿਕ ਜਾਂ ਪਰਿਵਾਰਕ ਵਿਰੋਧ ਕਾਰਨ ਜਾਨ ਨੂੰ ਨੁਕਸਾਨ ਜਾਂ ਹੋਰ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ SOP ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲਿਆਂਦਾ ਹੈ ਅਤੇ ਇਸਦਾ ਉਦੇਸ਼ ਸੁਰੱਖਿਆ ਦੀ ਮੰਗ ਕਰਨ ਵਾਲਿਆਂ ਲਈ ਇੱਕ ਢਾਂਚਾਗਤ ਸੁਰੱਖਿਆ ਪ੍ਰਣਾਲੀ ਲਾਗੂ ਕਰਨਾ ਹੈ।
ਪੰਜਾਬ ਪੁਲਿਸ ਦੇ ਮੁਤਾਬਕ ਇਸ ਐਸਓਪੀ ਦੇ ਤਹਿਤ, ਪੰਜਾਬ ਦੇ ਹਰੇਕ ਪੁਲਿਸ ਸਟੇਸ਼ਨ ‘ਚ ਇੱਕ ਘੱਟੋ ਘੱਟ ਸਹਾਇਕ ਸਬ-ਇੰਸਪੈਕਟਰ ਦੇ ਰੈਂਕ ਤੱਕ ਦਾ ਮਨੋਨੀਤ ਅਧਿਕਾਰੀ ਹੋਵੇਗਾ, ਜੋ ਅਜਿਹੇ ਜੋੜਿਆਂ ਦੀਆਂ ਸੁਰੱਖਿਆ ਅਰਜ਼ੀਆਂ ‘ਤੇ ਵਿਚਾਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਜ਼ਿੰਮੇਵਾਰ ਹੋਵੇਗਾ।
ਇਸ ਪ੍ਰਕਿਰਿਆ ਤਹਿਤ, ਅਰਜ਼ੀ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਫੈਸਲਾ ਲੈਣਾ ਲਾਜ਼ਮੀ ਕੀਤਾ ਹੈ। ਇਸ ਤੋਂ ਇਲਾਵਾ, ਵਧੇਰੇ ਸੰਵੇਦਨਸ਼ੀਲ ਮਾਮਲਿਆਂ ‘ਚ ਜਿੱਥੇ ਸੰਭਾਵੀ ਖ਼ਤਰਾ ਹੁੰਦਾ ਹੈ, ਬਿਨੈਕਾਰ ਨੂੰ ਤੁਰੰਤ ਅੰਤਰਿਮ ਸੁਰੱਖਿਆ ਦਿੱਤੀ ਜਾ ਸਕਦੀ ਹੈ।
ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ (ਸੀਪੀ/ਐਸਐਸਪੀ) ਨੂੰ ਹਰੇਕ ਜ਼ਿਲ੍ਹਾ ਪੁਲਿਸ ਦਫ਼ਤਰ ‘ਚ 24 ਘੰਟੇ ਸਮਰਪਿਤ ਹੈਲਪ ਡੈਸਕ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ | ਇਸ ਤਹਿਤ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਪੰਜਾਬ ਪੁਲਿਸ ਦੀ 24X7 ਹੈਲਪਲਾਈਨ 181 ‘ਤੇ ਕਾਲ ਕਰ ਸਕਦੇ ਹਨ।
ਇਸ SOP ਦੇ ਤਹਿਤ, ਅਜਿਹੇ ਜੋੜਿਆਂ ਨੂੰ ਮਿਲਣ ਵਾਲੀਆਂ ਧਮਕੀਆਂ ਦੀ ਸੰਵੇਦਨਸ਼ੀਲਤਾ ਨੂੰ ਧਿਆਨ ‘ਚ ਰੱਖਦੇ ਹੋਏ, ਮਦਦ ਦੀ ਮੰਗ ਕਰਨ ਵਾਲਿਆਂ ਨੂੰ ਸੁਰੱਖਿਅਤ ਠਹਿਰ ਪ੍ਰਦਾਨ ਕਰਨਾ ਅਤੇ ਲੋੜਵੰਦਾਂ ਨੂੰ ਵਿਆਪਕ ਸਹਾਇਤਾ ਯਕੀਨੀ ਬਣਾਉਣ ਲਈ ਰਾਜ/ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਮੁਫਤ ਕਾਨੂੰਨੀ ਸਹਾਇਤਾ ਦੀ ਸਹੂਲਤ ਪ੍ਰਦਾਨ ਕਰਨਾ ਲਾਜ਼ਮੀ ਬਣਾਇਆ ਹੈ।
ਇਸ SOP ‘ਚ ਇੱਕ ਅਪੀਲ ਵਿਧੀ ਵੀ ਸ਼ਾਮਲ ਹੈ, ਜੇਕਰ ਬਿਨੈਕਾਰ ਦੀ ਸੁਰੱਖਿਆ ਦੀ ਮੰਗ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਅਜਿਹਾ ਜੋੜਾ ਤਿੰਨ ਦਿਨਾਂ ਦੇ ਅੰਦਰ ਅਪੀਲੀ ਅਥਾਰਟੀ ਅੱਗੇ ਅਪੀਲ ਦਾਇਰ ਕਰ ਸਕਦਾ ਹੈ, ਜਿਸਦਾ ਫੈਸਲਾ ਸੱਤ ਦਿਨਾਂ ਦੇ ਅੰਦਰ ਕੀਤਾ ਜਾਵੇਗਾ।
Read More: ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰ ਗ੍ਰਿਫ਼ਤਾਰ, ਹੈਰੋਇਨ ਸਮੇਤ ਅਸਲਾ ਬਰਾਮਦ