July 7, 2024 4:25 pm
Toll Plazas

ਪੰਜਾਬ ਸਰਕਾਰ ਦਾ ਫੈਸਲਾ, ਪੰਜਾਬ ‘ਚ ਰਾਤ 12 ਵਜੇ ਬੰਦ ਹੋ ਜਾਣਗੇ ਇਹ ਤਿੰਨ ਟੋਲ ਪਲਾਜ਼ੇ

ਚੰਡੀਗੜ੍ਹ, 14 ਫਰਵਰੀ 2023: ਪੰਜਾਬ ਸਰਕਾਰ ਸੂਬੇ ਦੇ ਰਾਜ ਮਾਰਗਾਂ ‘ਤੇ ਲੱਗੇ ਟੋਲ ਪਲਾਜ਼ਿਆਂ (Toll Plazas) ਨੂੰ ਹੌਲੀ-ਹੌਲੀ ਬੰਦ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਅਗਲਾ ਨੰਬਰ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਤਿੰਨ ਟੋਲ ਪਲਾਜ਼ਿਆਂ ਦਾ ਹੈ। ਅੱਜ ਰਾਤ ਤੋਂ ਹੀ ਪੰਜਾਬ ਸਰਕਾਰ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ, ਮਾਨਗੜ੍ਹ ਅਤੇ ਨਵਾਂਸ਼ਹਿਰ ਦੇ ਮਜਾਰੀ ਟੋਲ ਪਲਾਜ਼ਾ ਨੂੰ ਬੰਦ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਦੋ ਦਿਨ ਪਹਿਲਾਂ ਲਿਆ ਸੀ।

ਤਿੰਨੋਂ ਟੋਲ ਪਲਾਜ਼ੇ (Toll Plazas) ਰੋਹਨ ਰਾਜਦੀਪ ਦੀ ਇੱਕੋ ਕੰਪਨੀ ਦੇ ਹਨ ਅਤੇ ਸਰਕਾਰ ਨੇ ਕੰਪਨੀ ਨੂੰ ਟ੍ਰਿਪਲ-ਪੀ ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਿਲਟ, ਓਪਰੇਟ ਅਤੇ ਟ੍ਰਾਂਸਫਰ ਮੋਡ ‘ਤੇ ਦਿੱਤਾ ਸੀ। ਕੰਪਨੀ ਦਾ ਠੇਕਾ ਅੱਜ ਖ਼ਤਮ ਹੋ ਗਿਆ ਹੈ ਅਤੇ ਅੱਧੀ ਰਾਤ 12 ਤੋਂ ਉਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਹੁਣ ਪੰਜਾਬ ਸਰਕਾਰ ਖੁਦ ਇਸ ਸੜਕ ਦੀ ਦੇਖਭਾਲ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਵੀ ਆਪਣੀ ਹੁਸ਼ਿਆਰਪੁਰ ਫੇਰੀ ਦੌਰਾਨ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਸਨ। ਬਲਾਚੌਰ ਤੋਂ ਦਸੂਹਾ ਤੱਕ 104.96 ਕਿਲੋਮੀਟਰ ਦੇ ਰਸਤੇ ‘ਤੇ ਹੁਣ ਲੋਕਾਂ ਨੂੰ ਕਿਸੇ ਕਿਸਮ ਦਾ ਟੋਲ ਨਹੀਂ ਦੇਣਾ ਪਵੇਗਾ। ਇਸ ਮਾਰਗ ’ਤੇ ਪਹਿਲਾਂ ਲੋਕਾਂ ਦੀਆਂ ਜੇਬਾਂ ’ਤੇ ਪਏ ਬੋਝ ਤੋਂ ਹੁਣ ਪੂਰੀ ਤਰ੍ਹਾਂ ਰਾਹਤ ਮਿਲ ਗਈ ਹੈ। ਜਿਸ ਤਰ੍ਹਾਂ ਪੰਜਾਬ ਸਰਕਾਰ ਸਮਾਂ ਪੂਰਾ ਹੋਣ ਤੋਂ ਬਾਅਦ ਟੋਲ ਪਲਾਜ਼ਾ ਕੰਪਨੀਆਂ ਨੂੰ ਹੋਰ ਵਾਧਾ ਨਹੀਂ ਦੇ ਰਹੀ ਅਤੇ ਲਗਾਤਾਰ ਟੋਲ ਬੰਦ ਕਰ ਰਹੀ ਹੈ, ਹੁਣ ਸੂਬੇ ਵਿੱਚ ਸਿਰਫ਼ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਪਲਾਜ਼ੇ ਹੀ ਰਹਿ ਜਾਣਗੇ।