Veterinary institutions

ਪੰਜਾਬ ਦੇ 6 ਵੈਟਰਨਰੀ ਪੌਲੀਕਲੀਨਿਕਾਂ ‘ਚ ਪੰਜਾਬ ਸਰਕਾਰ ਛੇਤੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ

ਚੰਡੀਗੜ੍ਹ 26 ਦਸੰਬਰ 2024: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ‘ਚ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਛੇਤੀ ਹੀ ਸੂਬੇ ‘ਚ ਛੇ ਵੈਟਰਨਰੀ ਪੌਲੀਕਲੀਨਿਕਾਂ ‘ਚ ਇਨਡੋਰ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵੈਟਰਨਰੀ ਸੰਸਥਾਵਾਂ (Veterinary institutions) ‘ਚ ਸਹੂਲਤਾਂ ਦੇ ਵਿਸਥਾਰ ਲਈ 1.85 ਕਰੋੜ ਰੁਪਏ ਤੋਂ ਵੱਧ ਦਾ ਫੰਡ ਉਪਲਬੱਧ ਕਰਵਾਇਆ ਹੈ ਅਤੇ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਵੈਟਰਨਰੀ ਪੌਲੀਕਲੀਨਿਕਾਂ ‘ਚ ਛੇਤੀ ਹੀ ਇਨਡੋਰ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਹ ਪੌਲੀਕਲੀਨਿਕ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਲਈ ਕਈ ਇਨਡੋਰ ਸੇਵਾਵਾਂ ਪ੍ਰਦਾਨ ਕਰਨਗੇ, ਜਿਸ ‘ਚ ਗੰਭੀਰ ਬਿਮਾਰੀਆਂ ਦਾ ਇਲਾਜ, ਸਰਜਰੀ, ਸਰਜਰੀ ਤੋਂ ਬਾਅਦ ਦੇਖਭਾਲ, ਲੈਬ ਟੈਸਟ, ਐਕਸ-ਰੇ ਅਤੇ ਅਲਟਰਾਸਾਊਂਡ ਸ਼ਾਮਲ ਹਨ।

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਸਾਰੇ ਪਸ਼ੂਆਂ ‘ਚ ਲੰਪੀ ਸਕਿੱਨ ਦੀ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਗੋਟ ਪੌਕਸ ਦੀਆਂ ਦੋ ਖੁਰਾਕਾਂ ਮੁਫ਼ਤ ਦਿੱਤੀਆਂ ਹਨ । ਉਨ੍ਹਾਂ ਦੱਸਿਆ ਕਿ ਸਾਰੇ ਯੋਗ ਪਸ਼ੂਆਂ ਨੂੰ ਮੂੰਹ-ਖੁਰ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਾਲ ‘ਚ ਦੋ ਵਾਰ ਟੀਕਾਕਰਨ ਕੀਤਾ ਜਾਂਦਾ ਹੈ। ਇਸ ਸਾਲ ਦੌਰਾਨ ਦੋ ਪੜਾਵਾਂ ‘ਚ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਦੀਆਂ 126.22 ਲੱਖ ਖੁਰਾਕਾਂ ਮੁਫ਼ਤ ਦਿੱਤੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਪਸ਼ੂ ਪਾਲਕਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ 11.81 ਕਰੋੜ ਰੁਪਏ ਦੀ ਲਾਗਤ ਨਾਲ 1,75,000 ਡੋਜ਼ ਫਰੋਜ਼ਨ ਸੈਕਸਡ ਸੀਮਨ (ਕੇਵਲ ਬੱਕਰੀਆਂ/ਭੇਡਾਂ ਲਈ) ਖਰੀਦੀਆਂ ਹਨ। ਪਸ਼ੂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ 326 ਨਵੇਂ ਵੈਟਰਨਰੀ ਅਫਸਰ, 538 ਵੈਟਰਨਰੀ ਇੰਸਪੈਕਟਰ ਅਤੇ 59 ਗਰੁੱਪ ਸੀ ਦੀਆਂ ਨਿਯੁਕਤੀਆਂ ਕੀਤੀਆਂ ਹਨ ਅਤੇ 405 ਹੋਰ ਵੈਟਰਨਰੀ ਅਫਸਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਰੇ ਪਸ਼ੂ ਪਾਲਕਾਂ ਨੂੰ 6.37 ਕਰੋੜ ਰੁਪਏ ਦੇ ਡੀਵਾਰਮਰ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪਸ਼ੂਆਂ ਦੇ ਇਲਾਜ ਲਈ ਹਸਪਤਾਲਾਂ/ਡਿਸਪੈਂਸਰੀਆਂ ਨੂੰ 3 ਕਰੋੜ ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਹਨ ਅਤੇ 1 ਕਰੋੜ ਰੁਪਏ ਦੀਆਂ ਹੋਰ ਦਵਾਈਆਂ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ‘ਚ 199 ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਵੀ ਲਗਾਏ ਜਾ ਚੁੱਕੇ ਹਨ ਅਤੇ ਸੂਬੇ ‘ਚ 21ਵੀਂ ਪਸ਼ੂ ਗਣਨਾ ਕੀਤੀ ਜਾ ਰਹੀ ਹੈ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਜੀ. ਐੱਸ. ਬੇਦੀ ਨੇ ਦੱਸਿਆ ਕਿ ਟ੍ਰਾਈ ਸਿਟੀ ਦੇ ਇਤਿਹਾਸ ‘ਚ ਪਹਿਲੀ ਵਾਰ ਪਸ਼ੂ ਪਾਲਣ ਵਿਭਾਗ ਵੱਲੋਂ 21 ਅਤੇ 22 ਦਸੰਬਰ, 2024 ਨੂੰ ਪਰੇਡ ਗਰਾਊਂਡ ਚੰਡੀਗੜ੍ਹ ਵਿਖੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪੇਟ ਐਕਸਪੋ ਦੀ ਮੇਜ਼ਬਾਨੀ ਕੀਤੀ |

Read More: NRI ਪੰਜਾਬੀਆਂ ਦੀਆਂ ਸ਼ਿਕਾਇਤਾਂ ਆਨਲਾਈਨ ਹੱਲ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

Scroll to Top