ਰਾਹਤ ਪੈਕੇਜ

ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ 1600 ਕਰੋੜ ਰੁਪਏ, ਸਿੱਧੇ ਕਿਸਾਨਾਂ ਦੇ ਖਾਤਿਆਂ ‘ਚ ਹੋਣਗੇ ਟ੍ਰਾਂਸਫਰ: ਕੇਂਦਰੀ ਰਾਜ ਮੰਤਰੀ

ਪੰਜਾਬ, 27 ਸਤੰਬਰ 2025: ਕੇਂਦਰੀ ਰਾਜ ਮੰਤਰੀ ਬੀ.ਐਲ. ਵਰਮਾ ਨੇ ਸ਼ਨੀਵਾਰ (27 ਸਤੰਬਰ) ਨੂੰ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਐਲਾਨਿਆ 1,600 ਕਰੋੜ ਰੁਪਏ ਦਾ ਰਾਹਤ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ, ਬਲਕਿ ਸਿੱਧਾ ਕਿਸਾਨਾਂ ਦੇ ਖਾਤਿਆਂ ਚ ਟ੍ਰਾਂਸਫਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਗਿਰਦਾਵਰੀ (ਫਸਲਾਂ ਦੇ ਨੁਕਸਾਨ ਦਾ ਸਰਵੇਖਣ) ਪੂਰਾ ਹੋ ਜਾਵੇਗਾ, ਕਿਸਾਨਾਂ ਨੂੰ ਪੈਸੇ ਮਿਲ ਜਾਣਗੇ। ਉਨ੍ਹਾ ਕਿਹਾ ਕਿ ਜੇਕਰ ਲੋੜ ਪੈਣ ‘ਤੇ ਵਾਧੂ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ।

ਇਸ ਰਾਹਤ ਪੈਕੇਜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਕੀਤਾ ਸੀ। ਹਾਲਾਂਕਿ, ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਰਕਮ ਬਹੁਤ ਘੱਟ ਹੈ ਅਤੇ ਕਿਸਾਨਾਂ ਦੀ ਪੂਰੀ ਤਰ੍ਹਾਂ ਸਹਾਇਤਾ ਨਹੀਂ ਕਰੇਗੀ।

ਕੇਂਦਰੀ ਮੰਤਰੀ ਵਰਮਾ ਨੇ ਕਿਹਾ ਕਿ ਪੰਜਾਬ ‘ਚ ਹੜ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ‘ਚ ਸਤਲੁਜ ਦਰਿਆ ਦੇ ਨਾਲ-ਨਾਲ ਵਿਆਪਕ ਮਾਈਨਿੰਗ ਕੀਤੀ ਗਈ ਹੈ। ਮੰਤਰੀ ਨੇ ਦੋਸ਼ ਲਗਾਇਆ ਕਿ ਇਹ ਮਾਈਨਿੰਗ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਦੇ ਭਰਾ ਦੁਆਰਾ ਕੀਤੀ ਗਈ ਹੈ। ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ, ਪਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਮਾਈਨਿੰਗ ਕਾਰਨ ਲਗਭਗ 340 ਏਕੜ ਜ਼ਮੀਨ ਦਾ ਖੋਰਾ ਲੱਗਿਆ ਹੈ।

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਪਹੁੰਚੇ ਸਨ। ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਪੰਜਾਬ ‘ਚ ਹੜ੍ਹਾਂ ਦਾ ਹਵਾਈ ਸਰਵੇਖਣ ਕੀਤਾ। ਗੁਰਦਾਸਪੁਰ ‘ਚ ਪ੍ਰਧਾਨ ਮੰਤਰੀ ਮੋਦੀ ਨੇ 19 ਕਿਸਾਨਾਂ ਅਤੇ ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨਾਲ ਗੱਲਬਾਤ ਕੀਤੀ। ਪੰਜਾਬ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ, ਉਨ੍ਹਾਂ ਨੇ ਪੰਜਾਬ ਲਈ 1,600 ਕਰੋੜ ਰੁਪਏ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਪ੍ਰਤੀ ਪਰਿਵਾਰ ਦੀ ਸਹਾਇਤਾ ਦਾ ਐਲਾਨ ਕੀਤਾ।

Read More: ਪੰਜਾਬ ਨੂੰ ਮੁਸ਼ਕਿਲ ਸਮੇਂ 1,600 ਕਰੋੜ ਰੁਪਏ, ਬਿਹਾਰ ਨੂੰ ਦਿੱਤੇ 7,500 ਕਰੋੜ ਰੁਪਏ: CM ਭਗਵੰਤ ਮਾਨ

Scroll to Top