ਸਰਕਾਰੀ ਨੌਕਰੀਆਂ ‘ਚ ਦਿਵਿਆਂਗਜਨਾਂ ਦਾ ਬੈਕਲਾਗ ਪੂਰਾ ਕਰੇਗੀ ਪੰਜਾਬ ਸਰਕਾਰ: ਡਾ: ਬਲਜੀਤ ਕੌਰ

Dr. Baljit Kaur

ਮਲੋਟ, 4 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦ ਹੀ ਦਿਵਿਆਂਗਜਨਾਂ ਦਾ ਸਰਕਾਰੀ ਨੌਕਰੀਆਂ ਵਿਚ ਬੈਕਲਾਗ ਪੂਰਾ ਕਰੇਗੀ। ਇਹ ਗੱਲ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ: ਬਲਜੀਤ ਕੌਰ (Dr. Baljit Kaur) ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਆਪਣੇ ਵਿਭਾਗ ਵੱਲੋਂ ਦਿਵਿਆਂਗਜਨਾਂ ਦੇ ਪਹਿਚਾਣ ਪੱਤਰ ਅਤੇ ਪੈਨਸ਼ਨ ਲਗਾਉਣ ਸਬੰਧੀ ਲਗਾਏ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਇੱਥੇ ਪੁੱਜੇ ਸਨ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਇਸ ਲਈ ਇਕ ਮੁਹਿੰਮ ਚਲਾ ਕੇ ਸਰਕਾਰ ਸਰਕਾਰੀ ਨੌਕਰੀਆਂ ਵਿਚ ਵਿਦਿਆਂਗਜਨਾਂ ਦਾ ਬੈਕਲਾਗ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 40 ਹਜਾਰ ਤੋਂ ਜਿਆਦਾ ਨੌਕਰੀਆਂ ਦਿੱਤੀਆਂ ਹਨ ਅਤੇ ਹੁਣ ਦਿਵਿਆਂਗਜਨਾਂ ਨੂੰ ਵੀ ਨੌਕਰੀਆਂ ਵਿਚ ਬਣਦਾ ਉਨ੍ਹਾਂ ਦਾ ਹੱਕ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂਆਂ ਅਸਾਮੀਆਂ ਵਿਚ ਤਾਂ ਦਿਵਿਆਂਗਜਨਾਂ ਦਾ ਕੋਟਾ ਨਾਲੋ ਨਾਲ ਭਰਿਆ ਜਾ ਰਿਹਾ ਹੈ ਪਰ ਪੁਰਾਣੀ ਭਰਤੀ ਵਿਚ ਬੈਕਲਾਗ ਸੀ ਜਿਸਨੂੰ ਹੁਣ ਪੂਰਾ ਕਰ ਲਿਆ ਜਾਵੇਗਾ।

ਇਸ ਮੌਕੇ ਕੈਬਨਿਟ ਮੰਤਰੀ (Dr. Baljit Kaur) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਨੂੰ ਇਕ ਦਿਨ ਮਾਤਰ ਨੁੰ ਮਨਾਉਣ ਦੀ ਬਜਾਏ ਫੈਸਲਾ ਕੀਤਾ ਸੀ ਕਿ ਦਿਵਿਆਂਗਜਨਾਂ ਦੀ ਭਲਾਈ ਲਈ ਲਗਾਤਾਰ ਕੰਮ ਕੀਤਾ ਜਾਵੇ। ਇਸੇ ਲੜੀ ਵਿਚ ਅੱਜ ਇੱਥੇ ਇਹ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਮੌਕੇ ਤੇ ਹੀ ਦਿਵਿਆਂਗਜਨਾਂ ਦੇ ਫਾਰਮ ਭਰ ਕੇ ਪਹਿਲਾਂ ਮੈਡੀਕਲ ਟੀਮ ਵੱਲੋਂ ਜਾਂਚ ਤੋਂ ਬਾਅਦ ਯੂਡੀਆਈਡੀ ਕਾਰਡ ਅਤੇ ਦਿਵਿਆਂਗਤਾਂ ਸਰਟੀਫਿਕੇਟ ਬਣਾਏ ਗਏ ਅਤੇ ਫਿਰ ਮੌਕੇ ਤੇ ਹੀ ਉਨ੍ਹਾਂ ਦੀਆਂ ਪੈਨਸ਼ਨਾਂ ਮੰਜੂਰ ਕੀਤੀਆਂ ਗਈਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤਰਾਂ ਤੇ ਕੈਂਪ ਭਵਿੱਖ ਵਿਚ ਸਾਰੇ ਜਿ਼ਲਿ੍ਹਆਂ ਵਿਚ ਲਗਾਏ ਜਾਣਗੇ ਤਾਂ ਜੋ ਸਮਾਜ ਦੇ ਇਸ ਵਰਗ ਨੂੰ ਹਰ ਪ੍ਰਕਾਰ ਦੀਆਂ ਸਰਕਾਰੀ ਸਹੁਲਤਾਂ ਦਿੱਤੀਆਂ ਜਾ ਸਕਨ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਕਮਜੋਰ ਵਰਗਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ ਹੈ। ਉਨ੍ਹਾਂ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ, ਸਗੋਂ ਸਾਨੂੰ ਆਪਣਾ ਮਨੋਬਲ ਕਦੇ ਵੀ ਡਿੱਗਣ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗਜਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਦਿਵਿਆਂਗ ਲੋਕਾਂ ਨੂੰ ਸਮਰੱਥ ਬਣਾਇਆ ਜਾ ਸਕੇ ਅਤੇ ਉਹ ਆਪਣਾ ਸਵੈ ਰੁਜਗਾਰ ਸ਼ੁਰੂ ਕਰ ਸਕਨ ਇਸ ਲਈ ਪੰਜਾਬ ਸਰਕਾਰ ਸਸਤੀਆਂ ਦਰਾਂ ਤੇ ਉਨ੍ਹਾਂ ਨੂੰ ਲੌਨ ਵੀ ਮੁਹਈਆ ਕਰਵਾ ਰਹੀ ਹੈ।

ਅੱਜ ਦੇ ਇਸ ਕੈਂਪ ਵਿਚ ਲੋੜਵੰਦ ਦਿਵਿਆਂਗਜਨਾਂ ਨੂੰ ਟ੍ਰਾਈ ਸਾਇਕਲਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਐਸਡੀਐਮ ਮਲੋਟ ਡਾ: ਸੰਜੀਵ ਕੁਮਾਰ ਨੇ ਪ੍ਰਸ਼ਾਸਨ ਦੇ ਲੋਕ ਭਲਾਈ ਦੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਜਦ ਕਿ ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪੰਕਜ ਕੁਮਾਰ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆਂ ਤੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ।

ਇਸ ਮੌਕੇ ਡੀਐਸਪੀ ਫਤਿਹ ਸਿੰਘ ਬਰਾੜ, ਸਿਵਲ ਸਰਜਨ ਡਾ: ਨਵਜੋਤ ਕੌਰ, ਜਗਦੇਵ ਸਿੰਘ ਬਾਮ ਲੋਕ ਸਭਾ ਇੰਚਾਰਜ, ਜਿ਼ਲ੍ਹਾ ਪ੍ਰਧਾਨ ਸ: ਜਸਨ ਬਰਾੜ, ਮਨਵੀਰ ਸਿੰਘ ਖੂੱਡੀਆਂ ਜਿ਼ਲ੍ਹਾ ਜਨਰਲ ਸਕੱਤਰ, ਰਮੇਸ਼ ਅਰਨੀਵਾਲਾ, ਗੁਰਪ੍ਰੀਤ ਵਿਰਦੀ, ਜਸਮੀਤ ਸਿੰਘ ਬਰਾੜ, ਗਗਨਦੀਪ ਸਿੰਘ ਔਲਖ ਵੀ ਹਾਜਰ ਸਨ।

 

 

 

 

 

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।