ਚੰਡੀਗੜ੍ਹ/ਸੁਲਤਾਨਪੁਰ ਲੋਧੀ, 21 ਅਗਸਤ 2025: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਦਰਿਆਵਾਂ ‘ਚ ਪਾਣੀ ਦੇ ਵਧੇ ਪੱਧਰ ਕਾਰਨ ਪ੍ਰਭਾਵਿਤ ਖੇਤਰਾਂ ‘ਚ ਰਾਹਤ ਕੰਮਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ | ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਫਸਲਾਂ ਅਤੇ ਹੋਰ ਨੁਕਸਾਨ ਦੀ ਪੂਰੀ ਭਰਪਾਈ ਕਰੇਗੀ।
ਪੰਜਾਬ ਸਰਕਾਰ ਨੇ ਨੁਕਸਾਨੀ ਫਸਲਾਂ ਦੇ ਮੁਆਵਜ਼ੇ ਲਈ ਸੁਲਤਾਨਪੁਰ ਤੇ ਭੁਲੱਥ ਤਹਿਸੀਲ ਵਿਖੇ ਵਿਸ਼ੇਸ਼ ਗਿਰਦਾਵਰੀ ਦੇ ਵੀ ਹੁਕਮ ਦੇ ਦਿੱਤੇ ਹਨ। ਬਰਿੰਦਰ ਕੁਮਾਰ ਗੋਇਲ ਨੇ ਬੀਤੇ ਦਿਨ ਸੁਲਤਾਨਪੁਰ ਲੋਧੀ ਦੇ ਪਿੰਡਾਂ ‘ਚ ਬਿਆਸ ਦਰਿਆ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਲਰਟ ਹੈ ਅਤੇ ਡੈਮਾਂ ‘ਚ ਪਾਣੀ ਦੀ ਸਥਿਤੀ ਅਤੇ ਦਰਿਆਵਾਂ ਦੀ ਸਥਿਤੀ ਉੱਪਰ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ।
ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਨਾਲ ਪ੍ਰਭਾਵਿਤ ਖੇਤਰਾਂ ‘ਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ 8 ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਹੈ | ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ‘ਚ ਡੀ-ਸਿਲਟਿੰਗ ਸਬੰਧੀ ਮੁੱਖ ਇੰਜੀਨੀਅਰ ਡਰੇਨੇਜ ਤੋਂ ਵਿਆਪਕ ਰਿਪੋਰਟ ਮੰਗੀ ਹੈ, ਜਿਸ ‘ਤੇ ਵਿਚਾਰ ਕਰਕੇ ਪਾਣੀ ਘਟਣ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਨੂੰ ਸੈਕਟਰਾਂ ‘ਚ ਵੰਡ ਕੇ ਰਾਹਤ ਕੰਮ ਕੀਤੇ ਹਨ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ। ਉਨ੍ਹਾਂ ਕਿਸ਼ਤੀਆਂ ਰਾਹੀਂ ਪ੍ਰਭਾਵਿਤ ਪਿੰਡਾਂ ਸਾਂਗਰਾ ਵਿਖੇ ਜਾ ਕੇ ਸੁੱਕੇ ਰਾਸ਼ਨ ਦੀ ਵੰਡ ਵੀ ਕੀਤੀ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਲੋੜਵੰਦਾਂ ਤੱਕ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ।
ਹੜ੍ਹ ਰੋਕੂ ਕਾਰਜਾਂ ਬਾਰੇ ਉਨ੍ਹਾਂ ਕਿਹਾ ਕਿ ਹੜ੍ਹ ਰੋਕੂ ਕਾਰਜਾਂ ‘ਤੇ ਪੰਜਾਬ ਸਰਕਾਰ ਨੇ 276 ਕਰੋੜ ਰੁਪਏ ਖਰਚ ਕੀਤੇ ਹਨ। ਇਸਦੇ ਨਾਲ ਹੀ ਧੁੱਸੀ ਬੰਨ੍ਹਾਂ ਉੱਪਰ 4 ਲੱਖ ਮਿੱਟੀ ਦੇ ਬੋਰੇ ਭਰ ਕੇ ਰੱਖੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੇਂ ਸਥਿਤੀ ‘ਚ ਤੁਰੰਤ ਵਰਤੋਂ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਧੁੱਸੀ ਤੇ ਐਂਡਵਾਂਸ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਖ਼ਤਰਾ ਨਹੀਂ ਹੈ। ਉਨ੍ਹਾਂ ਨੇ ਐੱਮਪੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
Read More: ਬਰਿੰਦਰ ਕੁਮਾਰ ਗੋਇਲ ਵੱਲੋਂ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਸੰਬੰਧੀ ਉੱਚ-ਪੱਧਰੀ ਬੈਠਕ