ਚੰਡੀਗੜ੍ਹ, 5 ਅਪ੍ਰੈਲ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਬਜਟ ਪਾਸ ਹੋਣ ਦੇ ਕੁਝ ਦਿਨਾਂ ਦੇ ਅੰਦਰ ਹੀ ‘ਬਦਲਦਾ ਪੰਜਾਬ’ ਬਜਟ ‘ਚ ਦੱਸੀਆਂ ਰਣਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ | ਪੇਂਡੂ ਵਿਕਾਸ ਵੱਲ ਅਹਿਮ ਕਦਮ ਚੁੱਕਦੇ ਹੋਏ 1,000 ਕਿਲੋਮੀਟਰ ਸੜਕਾਂ (Rural roads) ਦੀ ਮਜ਼ਬੂਤੀ ਲਈ ਟੈਂਡਰ ਜਾਰੀ ਕਰ ਦਿੱਤੇ ਹਨ।
ਪੰਜਾਬ ਭਵਨ ਵਿਖੇ ਪ੍ਰੈਸ ਵਾਰਤਾ ਦੌਰਾਨ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ‘ਚ ਫਰੀਦਕੋਟ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ ਅਤੇ ਬਰਨਾਲਾ ਜ਼ਿਲ੍ਹਿਆਂ ਦੀਆਂ ਪੇਂਡੂ ਸੜਕਾਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕਾਂ 10 ਮੀਟਰ ਚੌੜਾਈ ‘ਚ ਬਣਾਈਆਂ ਜਾਣਗੀਆਂ ਤਾਂ ਜੋ ਬਿਹਤਰ ਸੰਪਰਕ ਸਥਾਪਤ ਕਰਕੇ ਸੂਬੇ ਭਰ ‘ਚ ਆਵਾਜਾਈ ਨੂੰ ਬਿਹਤਰ ਬਣਾਇਆ ਜਾ ਸਕੇ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਠੇਕੇਦਾਰਾਂ ਦੀ ਜਵਾਬਦੇਹੀ ਵੀ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਠੇਕੇਦਾਰ ਬਣੀਆਂ ਸੜਕਾਂ ‘ਤੇ ਸਿਰਫ਼ ਇੱਕ ਸਾਲ ਦੀ ਵਾਰੰਟੀ ਲਈ ਜ਼ਿੰਮੇਵਾਰ ਸਨ, ਪਰ ਹੁਣ ਸਬੰਧਤ ਠੇਕੇਦਾਰ ਪੰਜ ਸਾਲਾਂ ਲਈ ਸੜਕਾਂ ਦੀ ਦੇਖਭਾਲ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਨਿਭਾਏਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਕੰਮਾਂ ਦਾ ਆਡਿਟ ਕਿਸੇ ਤੀਜੀ ਧਿਰ ਵੱਲੋਂ ਕੀਤਾ ਜਾਵੇਗਾ ਅਤੇ ਕਿਸੇ ਵੀ ਬੇਨਿਯਮੀ ਦੀ ਸੂਰਤ ‘ਚ ਨਾ ਸਿਰਫ਼ ਪੈਸੇ ਵਸੂਲ ਕੀਤੇ ਜਾਣਗੇ ਸਗੋਂ ਠੇਕੇਦਾਰ ਨੂੰ ਬਲੈਕਲਿਸਟ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕਰ ਦਿੱਤੀ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ 27 ਮਾਰਚ ਨੂੰ ਪਾਸ ਕੀਤੇ ਵਿੱਤੀ ਸਾਲ 2025-26 ਦੇ ਬਜਟ ‘ਚ ਸੂਬੇ ਦੀਆਂ ਸਾਰੀਆਂ ਖਸਤਾ ਹਾਲਤ ਪੇਂਡੂ ਲਿੰਕ ਸੜਕਾਂ (Rural roads) ਨੂੰ ਦੁਬਾਰਾ ਬਣਾਉਣ ਦਾ ਵਾਅਦਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰਿਕਾਰਡ 18,944 ਕਿਲੋਮੀਟਰ ਪੇਂਡੂ ਸੰਪਰਕ ਸੜਕਾਂ ਦਾ ਨਿਰਮਾਣ ਜਾਂ ਅਪਗ੍ਰੇਡ ਕੀਤਾ ਜਾਵੇਗਾ, ਜੋ ਕਿ ਪੰਜਾਬ ਦੇ ਇਤਿਹਾਸ ‘ਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਬਿਹਤਰ ਪੇਂਡੂ ਸੜਕਾਂ ਨਾ ਸਿਰਫ਼ ਆਸਾਨ ਯਾਤਰਾ ਨੂੰ ਯਕੀਨੀ ਬਣਾਉਣਗੀਆਂ ਬਲਕਿ ਖੇਤੀਬਾੜੀ ਉਪਜਾਂ ਦੇ ਮੰਡੀਕਰਨ ਨੂੰ ਵੀ ਤੇਜ਼ ਕਰਨਗੀਆਂ ਅਤੇ ਪੰਜਾਬ ਦੀ ਆਰਥਿਕਤਾ ‘ਚ ਨਵੀਂ ਊਰਜਾ ਭਰਨਗੀਆਂ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ‘ਬਦਲਤਾ ਪੰਜਾਬ’ ਬਜਟ ‘ਚ, ਪੰਜਾਬ ਮੰਡੀ ਬੋਰਡ ਵੱਲੋਂ ਵਿੱਤੀ ਸਾਲ 2025-26 ਲਈ ਪੇਂਡੂ ਲਿੰਕ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ 2,873 ਕਰੋੜ ਰੁਪਏ ਅਲਾਟ ਕੀਤੇ ਹਨ।
Read More: ਸਾਲ 2025-26 ਲਈ ਕੁੱਲ ਆਬਕਾਰੀ ਮਾਲੀਆ 11500 ਕਰੋੜ ਰੁਪਏ ਦੇ ਅੰਕੜੇ ਨੂੰ ਕਰੇਗਾ ਪਾਰ: ਹਰਪਾਲ ਸਿੰਘ ਚੀਮਾ