ਚੰਡੀਗੜ੍ਹ, 23 ਫਰਵਰੀ 2026: ਪੰਜਾਬ ਸਰਕਾਰ ਛੇਤੀ ਹੀ ਜ਼ਿਲ੍ਹਾ ਵਾਰ ਐਨ.ਆਰ.ਆਈ ਮਿਲਣੀਆਂ ਕਰਵਾਉਣ ਜਾ ਰਹੀ ਹੈ। ਇਹ ਜਾਣਕਾਰੀ ਐਨ.ਆਰ.ਆਈ. ਮਾਮਲਿਆਂ ਸਬੰਧੀ ਵਿਭਾਗੀ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਦਿੱਤੀ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਐਨ.ਆਰ.ਆਈ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਐਨ.ਆਰ.ਆਈ ਮਿਲਣੀਆਂ ਕਰਵਾ ਰਹੀ ਹੈ ਅਤੇ ਇਸੇ ਦਿਸ਼ਾ ‘ਚ ਚਾਲੂ ਸਾਲ ਦੌਰਾਨ ਪੰਜਾਬ ਦੇ ਹਰੇਕ ਜ਼ਿਲ੍ਹੇ ‘ਚ ਐਨ.ਆਰ.ਆਈ ਮਿਲਣੀਆਂ ਕਰਵਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਐਨ. ਆਰ. ਆਈਜ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਕੋਲ ਪਹੁੰਚ ਕੇ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਬੇਲੋੜੇ ਚੱਕਰ ਨਾ ਕੱਟਣੇ ਪੈਣ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਐਨ.ਆਰ.ਆਈਜ ਦੇ ਮਸਲੇ ਤੇ ਸ਼ਿਕਾਇਤਾਂ ਤੈਅ ਸਮੇਂ ਅੰਦਰ ਹੱਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਿਦੇਸ਼ਾਂ ‘ਚ ਵਸਦੇ ਐਨ.ਆਰ.ਆਈਜ਼ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਐਨ.ਆਰ.ਆਈਜ਼ ਦੀਆਂ ਪੰਜਾਬ ‘ਚ ਪਈਆਂ ਜ਼ਮੀਨ ਜਾਇਦਾਦ ਦੇ ਅਧਿਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਕੈਬਿਨਟ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਐਨ.ਆਰ.ਆਈਜ਼ ਸਭਾ ਦੀ ਛੇਤੀ ਚੋਣ ਕਰਵਾਈ ਜਾਵੇ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਇਆ ਜਾਵੇ।
Read More: ਸਾਲ 2026-27 ‘ਚ ਪੰਜਾਬ ਦਾ ਆਬਕਾਰੀ ਮਾਲੀਆ 12,800 ਕਰੋੜ ਰੁਪਏ ਤੱਕ ਪਹੁੰਚੇਗਾ: ਹਰਪਾਲ ਸਿੰਘ ਚੀਮਾ




