ਚੰਡੀਗੜ੍ਹ, 20 ਮਈ 2025: ਪੰਜਾਬ ਸਰਕਾਰ ਛੇਤੀ ਹੀ ਲਗਭਗ 315 ਕਰੋੜ ਰੁਪਏ ਦੀਆਂ ਦੋ ਵੱਡੀਆਂ ਯੋਜਨਾਵਾਂ ਸ਼ੁਰੂ ਕਰੇਗੀ। ਇਸਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ |
ਇਸ ਸਬੰਧੀ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਪੇਂਡੂ ਖੇਤਰਾਂ ‘ਚ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਅਤੇ ਮਜ਼ਬੂਤ ਬਣਾਉਣਾ ਅਤੇ ਸਪਲਾਈ ਪ੍ਰਣਾਲੀਆਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ‘ਚ 159.95 ਕਰੋੜ ਰੁਪਏ ਦੀ ਲਾਗਤ ਨਾਲ 144 ਪੇਂਡੂ ਜਲ ਸਪਲਾਈ ਸਕੀਮਾਂ ਦੇ ਵਿਸਥਾਰ/ਵੰਡ ਲਈ ਇੱਕ ਪ੍ਰੋਜੈਕਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ। ਹਰਦੀਪ ਮੁੰਡੀਆਂ ਨੇ ਕਿਹਾ ਕਿ ਇਹ ਪਹਿਲ 176 ਪਿੰਡਾਂ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਪ੍ਰਦਾਨ ਕਰੇਗੀ, ਜਿਨ੍ਹਾਂ ਦੀ ਮੌਜੂਦਾ ਆਬਾਦੀ ਲਗਭਗ 3.05 ਲੱਖ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਾਲ 2025-26 ਲਈ 153.22 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ 21 ਜ਼ਿਲ੍ਹਿਆਂ ‘ਚ 125 ਪੇਂਡੂ ਜਲ ਸਪਲਾਈ ਸਕੀਮਾਂ ਦੇ ਵਿਸਥਾਰ/ਵੰਡ ਦਾ ਪ੍ਰਸਤਾਵ ਵੀ ਯੋਜਨਾ ਅਧੀਨ ਹੈ। ਇਸ ਪ੍ਰੋਜੈਕਟ ਤੋਂ 175 ਪਿੰਡਾਂ ਦੇ ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜਿਨ੍ਹਾਂ ਦੀ ਮੌਜੂਦਾ ਆਬਾਦੀ ਲਗਭਗ 3.20 ਲੱਖ ਹੈ। ਹਰਦੀਪ ਮੁੰਡੀਆਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਨਾਲ ਨਾ ਸਿਰਫ਼ ਜਨਤਕ ਸਿਹਤ ‘ਚ ਸੁਧਾਰ ਹੋਵੇਗਾ ਬਲਕਿ ਪੇਂਡੂ ਆਬਾਦੀ ਦੀ ਸਮਾਜਿਕ ਅਤੇ ਆਰਥਿਕ ਸਥਿਤੀ ‘ਚ ਵੀ ਸੁਧਾਰ ਹੋਵੇਗਾ।
Read More: ਮਹਿੰਦਰ ਭਗਤ ਵੱਲੋਂ ਬਾਗਬਾਨੀ ਯੋਜਨਾਵਾਂ ਦਾ ਨੇੜਿਓਂ ਨਿਰੀਖਣ, ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਜ਼ੋਰ