ਚੰਡੀਗੜ੍ਹ/ਰੂਪਨਗਰ, 08 ਅਪ੍ਰੈਲ 2025: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Sond) ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਅਤੇ ਖੇਡ ਮੈਦਾਨਾਂ (Playgrounds) ਦਾ ਨਿਰੀਖਣ ਕੀਤਾ। ਜਿਨ੍ਹਾਂ ਪਿੰਡਾਂ ਦਾ ਦੌਰਾ ਕੀਤਾ, ਉਨ੍ਹਾਂ ‘ਚ ਚੈੜੀਆਂ, ਬਹਿਰਾਮਪੁਰ, ਚੰਦਪੁਰ, ਡਕਾਲਾ, ਲੋਹਗੜ੍ਹ ਫਿੱਡੇ, ਥਲੀ ਵਿਖੇ ਖੇਡ ਮੈਦਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਚੱਕਲਾਂ ਸ਼ਾਮਲ ਹਨ।
ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਜਟ ‘ਚ 979 ਕਰੋੜ ਰੁਪਏ ਰੱਖੇ ਹਨ। ਇਸ ਰਕਮ ਨਾਲ ਸੂਬਾ ਸਰਕਾਰ ਪਿੰਡਾਂ ‘ਚ ਖੇਡ ਦੇ ਮੈਦਾਨਾਂ ਦੇ ਨਾਲ-ਨਾਲ ਜਿੰਮ ਬਣਾਏਗੀ ਤਾਂ ਜੋ ਨੌਜਵਾਨ ਆਪਣੀ ਸਿਹਤ ਵੱਲ ਧਿਆਨ ਦੇ ਸਕਣ।
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Sond) ਨੇ ਕਿਹਾ ਕਿ ਪੰਜਾਬ ‘ਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਪਿੰਡ ‘ਚ ਖੇਡ ਮੈਦਾਨ (Playgrounds) ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਖੇਡ ਮੈਦਾਨ ਸੂਬੇ ਦੇ ਲਗਭਗ 13,000 ਪਿੰਡਾਂ ‘ਚ ਨੌਜਵਾਨਾਂ ਦੀ ਮੰਗ ਅਨੁਸਾਰ ਬਣਾਏ ਜਾਣਗੇ, ਜਿਸ ‘ਚ ਫੁੱਟਬਾਲ, ਕ੍ਰਿਕਟ, ਹਾਕੀ, ਅਥਲੈਟਿਕਸ, ਵਾਲੀਬਾਲ, ਹੈਂਡਬਾਲ ਆਦਿ ਖੇਡਾਂ ਲਈ ਮੈਦਾਨ ਸ਼ਾਮਲ ਹੋਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਕਮਾਉਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕਰਦੀ ਹੈ, ਉੱਥੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਵੀ ਦਿੱਤਾ ਹੈ ਤਾਂ ਜੋ ਖਿਡਾਰੀਆਂ ਦਾ ਭਵਿੱਖ ਉੱਜਵਲ ਹੋ ਸਕੇ।
ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੱਕਲਾਂ ਦਾ ਦੌਰਾ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਤਿੰਨ ਸਾਲ ਪਹਿਲਾਂ ਇਸ ਸਕੂਲ ਦਾ ਦੌਰਾ ਕੀਤਾ ਸੀ, ਤਾਂ ਅਸੀਂ ਇੱਕ ਸਕੂਲ ਦੇਖਿਆ ਜਿਸ ਦੀਆਂ ਕੰਧਾਂ ਟੁੱਟੀਆਂ ਹੋਈਆਂ ਸਨ, ਬੈਂਚ ਨਹੀਂ ਸਨ, ਬਾਥਰੂਮ ਨਹੀਂ ਸਨ ਅਤੇ ਪੀਣ ਵਾਲਾ ਸਾਫ਼ ਪਾਣੀ ਨਹੀਂ ਸੀ। ਪਰ ਅੱਜ ਇਸ ਸਕੂਲ ‘ਚ ਵੱਡੇ ਬਦਲਾਅ ਦੇਖੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ, ਖੇਡ ਦੇ ਮੈਦਾਨ, ਪਖਾਨੇ, ਆਧੁਨਿਕ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਸੁਰੱਖਿਅਤ ਚਾਰਦੀਵਾਰੀਆਂ ਹਨ। ਉਨ੍ਹਾਂ ਕਿਹਾ ਕਿ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਸੂਬੇ ਦੇ ਸਕੂਲਾਂ ‘ਚ ਹੋਰ ਸੁਧਾਰ ਕੀਤਾ ਜਾਵੇਗਾ।
ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਨੂੰ ਇੱਕ ਵਾਰ ਫਿਰ ਰੰਗਲਾ ਪੰਜਾਬ ਬਣਾਇਆ ਜਾ ਸਕੇ।