ਪੰਜਾਬ, 01 ਜੁਲਾਈ 2025: ਪੰਜਾਬ ਸਰਕਾਰ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ ਲਗਭਗ 8,500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ। ਇਹ ਕਰਜ਼ਾ ਭਾਰਤੀ ਰਿਜ਼ਰਵ ਬੈਂਕ (RBI) ਦੀ ਪ੍ਰਵਾਨਗੀ ਤਹਿਤ ਲਿਆ ਜਾਵੇਗਾ । ਮਿਲੀ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਜੁਲਾਈ ‘ਚ 2,000 ਕਰੋੜ ਰੁਪਏ, ਅਗਸਤ ‘ਚ 3,000 ਕਰੋੜ ਰੁਪਏ ਅਤੇ ਸਤੰਬਰ ‘ਚ 3,500 ਕਰੋੜ ਰੁਪਏ ਦਾ ਕਰਜ਼ਾ ਲਵੇਗੀ।
ਇਸ ਤੋਂ ਪਹਿਲਾਂ ਸੂਬਾ ਸਰਕਾਰ ਅਪ੍ਰੈਲ ਅਤੇ ਮਈ ‘ਚ 6,241.92 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਕੁੱਲ ਮਿਲਾ ਕੇ ਮੌਜੂਦਾ ਵਿੱਤੀ ਸਾਲ 2025-26 ‘ਚ ਹੁਣ ਤੱਕ ਲਿਆ ਗਿਆ ਕੁੱਲ ਕਰਜ਼ਾ 14,741.92 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਪੰਜਾਬ ਸਰਕਾਰ ਨੇ ਇਸ ਪੂਰੇ ਵਿੱਤੀ ਸਾਲ ‘ਚ 34,201.11 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਜੇਕਰ ਇਹ ਟੀਚਾ ਪ੍ਰਾਪਤ ਹੋ ਜਾਂਦਾ ਹੈ, ਤਾਂ ਮਾਰਚ 2026 ਤੱਕ ਸੂਬੇ ‘ਤੇ ਕੁੱਲ ਬਕਾਇਆ ਕਰਜ਼ਾ 4 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ।
ਇਸ ਸੰਬੰਧੀ ਵਿਰੋਧੀ ਪਾਰਟੀਆਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਜੂਨ ‘ਚ ਅਸੀਂ ਸੂਬੇ ਦੇ ਭਵਿੱਖ ਲਈ 2,000 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਪਰ ਕੋਈ ਇਸ ਬਾਰੇ ਗੱਲ ਨਹੀਂ ਕਰਦਾ। ਜਿੱਥੋਂ ਤੱਕ ਕਰਜ਼ਾ ਲੈਣ ਦਾ ਸਵਾਲ ਹੈ, ਦੇਸ਼ ਦੀਆਂ ਲਗਭਗ ਸਾਰੀਆਂ ਸਰਕਾਰਾਂ ਕਰਜ਼ਾ ਲੈ ਕੇ ਕੰਮ ਕਰਦੀਆਂ ਹਨ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਜੋ ਵੀ ਕਰਜ਼ਾ ਲੈ ਰਹੇ ਹਾਂ ਉਹ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਤੇ ਆਗਿਆਯੋਗ ਸੀਮਾ ਦੇ ਅੰਦਰ ਹੈ।
Read More: ਸਹਿਕਾਰੀ ਬੈਂਕਾਂ ਵੱਲੋਂ OTS ਸਕੀਮ ਤਹਿਤ ਸਾਲ 2024 ‘ਚ ਡਿਫਾਲਟਰਾਂ ਨੂੰ 368 ਕਰੋੜ ਰੁਪਏ ਦੀ ਕਰਜ਼ਾ ਰਾਹਤ