BT cotton hybrid seeds

ਪੰਜਾਬ ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਲਈ ਵੱਡਾ ਫੈਸਲਾ, BT ਕਾਟਨ ਹਾਈਬ੍ਰਿਡ ਬੀਜਾਂ ‘ਤੇ ਮਿਲੇਗੀ 33 ਫੀਸਦੀ ਸਬਸਿਡੀ

ਚੰਡੀਗੜ੍ਹ, 19 ਅਪ੍ਰੈਲ 2025: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਕਪਾਹ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੇ ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ (BT cotton hybrid seeds) ‘ਤੇ 33 ਫੀਸਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ |

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਸਬਸਿਡੀ ਪ੍ਰੋਗਰਾਮ ਲਈ 20 ਕਰੋੜ ਰੁਪਏ ਅਲਾਟ ਕੀਤੇ ਹਨ ਅਤੇ ਇਸ ਸਬਸਿਡੀ ਪ੍ਰੋਗਰਾਮ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਸਰਕਾਰ ਮੁਤਾਬਕਇਸ ਨਾਲ ਨਾ ਸਿਰਫ਼ ਕਪਾਹ ਉਤਪਾਦਕਾਂ ‘ਤੇ ਵਿੱਤੀ ਬੋਝ ਘਟੇਗਾ, ਸਗੋਂ ਕਿਸਾਨਾਂ ਨੂੰ ਨਰਮੇ ਦੇ ਗੈਰ-ਸਿਫ਼ਾਰਸ਼ ਕੀਤੇ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਨਾ ਕਰਕੇ ਚੰਗੀ ਪੈਦਾਵਾਰ ਵਾਲੇ ਕੀਟ-ਰੋਧਕ ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ (BT cotton hybrid seeds) ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਇਸ ਸਾਲ ਲਈ ਕਪਾਹ ਦੀ ਫ਼ਸਲ ਹੇਠ ਰਕਬਾ ਘੱਟੋ-ਘੱਟ 1.25 ਲੱਖ ਹੈਕਟੇਅਰ ਵਧਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਕਪਾਹ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ‘ਚ ਉਗਾਈ ਜਾਣ ਵਾਲੀ ਇੱਕ ਮਹੱਤਵਪੂਰਨ ਸਾਉਣੀ ਦੀ ਫਸਲ ਹੈ ਅਤੇ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਵਾਲੀ ਝੋਨੇ ਦੀ ਫਸਲ ਦਾ ਇੱਕ ਵਿਹਾਰਕ ਵਿਕਲਪ ਪੇਸ਼ ਕਰਕੇ ਖੇਤੀਬਾੜੀ ਵਿਭਿੰਨਤਾ ਅਤੇ ਆਰਥਿਕ ਵਿਕਾਸ ‘ਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।

ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਕਦਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਿਫ਼ਾਰਸ਼ ਕੀਤੀ ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ | ਖੇਤੀਬਾੜੀ ਵਿਭਾਗ ਦੇ ਪ੍ਰਬੰਧ ਸਕੱਤਰ ਡਾ. ਬਸੰਤ ਗਰਗ ਨੇ ਦੱਸਿਆ ਕਿ ਇਹ ਸਬਸਿਡੀ ਪ੍ਰੋਗਰਾਮ ਹਰੇਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਜਾਂ ਦਸ ਪੈਕੇਟ (ਹਰੇਕ ਪੈਕੇਟ ਜਿਸ ‘ਚ 475 ਗ੍ਰਾਮ ਹੈ) ਲਈ ਕਪਾਹ ਦੇ ਬੀਜ ਪ੍ਰਦਾਨ ਕਰਨ ਤੱਕ ਸੀਮਿਤ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਗੁਆਂਢੀ ਸੂਬਿਆਂ ਤੋਂ ਨਕਲੀ ਬੀਜਾਂ ਦੀ ਆਮਦ ਨੂੰ ਰੋਕਣ ਲਈ ਨਿਯਮਤ ਨਿਗਰਾਨੀ ਅਤੇ ਨਿਰੀਖਣ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।

Read More: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਦੌਰੇ ਲਈ ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਮਨਜ਼ੂਰੀ

Scroll to Top