Shaheedi Sabha

ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਮੌਕੇ ਸੰਗਤ ਲਈ ਮੁਫ਼ਤ ਸਫਰ ਸੰਬੰਧੀ ‘ਇੰਟਰ ਸਿਟੀ ਸ਼ਟਲ ਬੱਸ ਸੇਵਾ’ ਸ਼ੁਰੂ

ਚੰਡੀਗੜ੍ਹ, 16 ਦਸੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ’ਤੇ ਸ਼ਹੀਦੀ ਸਭਾ ਮੌਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕਰਨ ਲਈ ਦੁਨੀਆਂ ਭਰ ‘ਚੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਆਉਣ ਵਾਲੀ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਤੇ ਹੋਰ ਇੰਤਜ਼ਾਮ ਕੀਤੇ ਗਏ |

ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਲਈ 20 ਆਮ ਆਦਮੀ ਕਲੀਨਿਕ ਅਤੇ 5 ਡਿਸਪੈਂਸਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ | ਇਸ ਦੌਰਾਨ ਮਾਹਰ ਡਾਕਟਰ ਅਤੇ ਬਾਕੀ ਸਟਾਫ ਹਾਜ਼ਰ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਅਤੇ ਡਿਸਪੈਂਸਰੀਆਂ ਲਈ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਵਿਵਸਥਾ ਕਰ ਲਈ ਹੈ।

ਮੁੱਖ ਮੰਤਰੀ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਜ਼ਮੀਰ ਦੀ ਆਵਾਜ਼ ਅਨੁਸਾਰ ਧਰਮ ਅਪਨਾਉਣ ਦੇ ਮਨੁੱਖੀ ਹੱਕ ਦੀ ਰਾਖੀ ਲਈ ਕੀਤੀ ਲਾਸਾਨੀ ਕੁਰਬਾਨੀ ਮਨੁੱਖੀ ਇਤਿਹਾਸ ‘ਚ ਲਾਮਿਸਾਲ ਘਟਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਇਸ ਕੁਰਬਾਨੀ ਨੂੰ ‘ਨਿੱਕੀਆ ਜਿੰਦਾਂ’ ਦੇ ‘ਵੱਡੇ ਸਾਕੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਸੰਗਤ ਦੇ ਆਉਣ-ਜਾਣ ਲਈ ਮੁਫ਼ਤ ਸਫਰ ਦੀ ਸਹੂਲਤ ਦੇਣ ਲਈ ‘ਇੰਟਰ ਸਿਟੀ ਸ਼ਟਲ ਬੱਸ ਸੇਵਾ’ ਸ਼ੁਰੂ ਕੀਤੀ ਜਾਵੇਗੀ ਅਤੇ ਸ਼ਹੀਦੀ ਸਭਾ ਦੌਰਾਨ 200 ਸ਼ਟਲ ਬੱਸਾਂ ਅਤੇ 100 ਈ-ਰਿਕਸ਼ੇ ਸੰਗਤ ਲਈ ਤਾਇਨਾਤ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਬੱਸਾਂ ਅਤੇ ਈ-ਰਿਕਸ਼ੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਪਾਰਕਿੰਗ ਵਾਲੀਆਂ ਥਾਵਾਂ ਤੋਂ ਗੁਰਦੁਆਰਾ ਸਾਹਿਬ ਅਤੇ ਹੋਰ ਥਾਵਾਂ ਤੇ ਲਿਜਾਣਗੇ।

ਉਨ੍ਹਾਂ ਦੱਸਿਆ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਇਸ ਵਾਰ ਗੂਗਲ ਕੰਪਨੀ ਦੀਆਂ ਸੇਵਾਵਾਂ ਵੀ ਹਾਸਲ ਕੀਤੀਆਂ ਜਾ ਰਹੀਆਂ ਹਨ ਜੋ ਫਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਸੜਕਾਂ ’ਤੇ ਟ੍ਰੈਫਿਕ ਦੀ ਸਥਿਤੀ ਬਾਰੇ ਸਟੀਕ ਜਾਣਕਾਰੀ ਦੇਵੇਗੀ ਤਾਂ ਕਿ ਕਿਸੇ ਸੜਕ ‘ਤੇ ਵੱਧ ਟ੍ਰੈਫਿਕ ਹੋਣ ਦੀ ਸੂਰਤ ‘ਚ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਵਾਹਨਾਂ ਦੇ ਰੁਕਣ ਲਈ ਪੰਜ ਵੱਡੀਆਂ ਪਾਰਕਿੰਗ ਅਤੇ 16 ਛੋਟੀਆਂ ਪਾਰਕਿੰਗ ਬਣਾਈਆਂ ਹਨ।

ਸ਼ਹੀਦੀ ਸਭਾ ਮੌਕੇ ਲੋਕਾਂ ਦੀ ਸੁਰੱਖਿਆ ਵਿਵਸਥਾ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ 3300 ਤੋਂ ਵੱਧ ਪੁਲਿਸ ਜਵਾਨ ਸੰਗਤਾਂ ਦੀ ਸਹਾਇਤਾ ਲਈ ਡਿਊਟੀ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਇੰਟੇਗ੍ਰੇਟਿਡ ਕੰਟਰੋਲ ਸੈਂਟਰ ਸਥਾਪਤ ਕੀਤਾ, ਜਿੱਥੇ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 0176-3232838 ਵੀ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ 300 ਸੀ.ਸੀ.ਟੀ.ਵੀ ਕੈਮਰੇ ਲਾਏ ਜਾ ਰਹੇ ਹਨ ਤਾਂ ਕਿ ਸਮਾਜ ਵਿਰੋਧੀ ਅਨਸਰ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਪੂਰੇ ਸ਼ਹਿਰ ’ਤੇ ਡਰੋਨ ਬਾਜ਼ ਅੱਖ ਰੱਖਣਗੇ। ਉਨ੍ਹਾਂ ਦੱਸਿਆ ਕਿ ਮੋਬਾਈਲ ਸੇਵਾਵਾਂ ਨੂੰ ਸੁਚਾਰੂ ਜਾਰੀ ਰੱਖਣ ਲਈ ਮੋਬਾਈਲ ਕੰਪਨੀਆਂ ਵੱਲੋਂ ਆਰਜ਼ੀ ਤੌਰ ’ਤੇ ਟਾਵਰ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 60 ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਗੱਡੀਆਂ ਤਾਇਨਾਤ ਹੋਣਗੀਆਂ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਤੁਰੰਤ ਨਜਿੱਠਿਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਫਾਈ ਲਈ ਵਲੰਟੀਅਰਾਂ ਦੀ ਟੀਮਾਂ ਤਾਇਨਾਤ ਹੋਣਗੀਆਂ ਜੋ ਸ਼ਿਫਟਾਂ ‘ਚ ਦਿਨ-ਰਾਤ ਡਿਊਟੀ ਨਿਭਾਉਣਗੀਆਂ ਤਾਂ ਕਿ ਸ਼ਹਿਰ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ।
ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਦੌਰਾਨ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾਵੇਗਾ ਤਾਂ ਕਿ ਮਨੁੱਖਤਾ ਦੀ ਸੇਵਾ ਲਈ ਯੋਗਦਾਨ ਪਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅਣਅਧਿਕਾਰਤ ਤੌਰ ’ਤੇ ਖੂਨਦਾਨ ਕੈਂਪ ਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਬੀਤੇ ਸਾਲ ਭਾਵੇਂ ਕੁਝ ਮਾਮਲੇ ਸਾਹਮਣੇ ਆਏ ਸਨ ਪਰ ਇਸ ਵਾਰ ਕਿਸੇ ਨੂੰ ਵੀ ਅਜਿਹਾ ਕੈਂਪ ਨਹੀਂ ਲਾਉਣ ਦਿੱਤਾ ਜਾਵੇਗਾ।

ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ (ਵਾਲਡ ਸਿਟੀ), ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ ਜਾਰੀ ਹੋਏ ਨੋਟੀਫਿਕੇਸ਼ਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਨਾਲ ਦੁਨੀਆ ਭਰ ‘ਚ ਵਸਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਤਿੰਨੋਂ ਤਖ਼ਤ ਸਾਹਿਬਾਨ ਵਾਲੇ ਇਨ੍ਹਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਸੀ।

Read More: CM ਭਗਵੰਤ ਮਾਨ ਵੱਲੋਂ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੇ ਹੁਕਮ

ਵਿਦੇਸ਼

Scroll to Top