ਚੰਡੀਗੜ੍ਹ, 4 ਦਸੰਬਰ 2025: ‘ਆਪ’ ਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਾਪਾਨ ਦੌਰੇ ਦੇ ਤੀਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ ਹੈ, ਇਸ ‘ਚ ਜਾਪਾਨ ਦੀ ਸਟੀਲ ਕੰਪਨੀ ਆਈਚੀ ਸਟੀਲ ਨੇ ਸੂਬੇ ‘ਚ ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਆਪਣੇ ਸਹਿਯੋਗ ਨੂੰ ਵਧਾਉਣ ਦੀ ਹਾਮੀ ਭਰੀ ਹੈ।
ਇਸਦੇ ਨਾਲ ਹੀ ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਮੁੱਖ ਮੰਤਰੀ ਦੀ ਮੌਜੂਦਗੀ ‘ਚ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਸੰਬੰਧੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪੰਜਾਬ ਲਈ ਇੱਕ ਸੁਨਹਿਰੀ ਦਿਨ ਹੈ ਕਿਉਂਕਿ ਆਈਚੀ ਸਟੀਲ ਕਾਰਪੋਰੇਸ਼ਨ, ਜਿਸਨੂੰ ਟੋਇਟਾ ਦੀ ਸਟੀਲ ਆਰਮ ਵਜੋਂ ਜਾਣਿਆ ਜਾਂਦਾ ਹੈ, ਉਸ ਨੇ ਸੂਬੇ ‘ਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਸਮਝੌਤੇ ‘ਤੇ ਦਸਤਖਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਆਈਚੀ ਸਟੀਲ, ਜਿਸਦੀ ਪਹਿਲਾਂ ਹੀ ਵਰਧਮਾਨ ‘ਚ ਲਗਭੱਗ 24.9 ਫੀਸਦੀ ਹਿੱਸੇਦਾਰੀ ਹੈ ਅਤੇ ਮੁੱਖ ਤਕਨਾਲੋਜੀ ਭਾਈਵਾਲ ਵਜੋਂ ਪੰਜਾਬ ਦੇ ਉਦਯੋਗਿਕ ਵਾਤਾਵਰਣ ‘ਚ ਇੱਕ ਮਜ਼ਬੂਤ ਅਤੇ ਵਿਕਸਤ ਹੋ ਰਹੀ ਭਾਰਤ-ਜਾਪਾਨ ਭਾਈਵਾਲੀ ਦੀ ਪ੍ਰਤੀਕ ਹੈ। ਭਗਵੰਤ ਮਾਨ ਨੇ ਕਿਹਾ ਕਿ ਜਾਪਾਨ ਦੀ ਸਿਰਮੌਰ ਸਟੀਲ ਕੰਪਨੀ ਪੰਜਾਬ ‘ਚ ਭਵਿੱਖੀ ਫੈਕਟਰੀ ਕਾਰਜਾਂ ਦਾ ਅਧਿਐਨ ਕਰੇਗੀ, ਜਿਸ ‘ਚ ਕਰੀਬ 500 ਕਰੋੜ ਦੇ ਸੰਭਾਵੀ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਲ ਹੈ।
ਮੁੱਖ ਮੰਤਰੀ ਮਾਨ ਨੇ ਸੂਬੇ ‘ਚ ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਆਈਚੀ ਸਟੀਲ ਦੀ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਆਈਚੀ ਗਰੁੱਪ ਦਾ ਤਕਨੀਕੀ ਸਹਿਯੋਗ ਅਤੇ ਵਰਧਮਾਨ ਗਰੁੱਪ ਦੀ ਮੁਹਾਰਤ ਸੂਬੇ ‘ਚ ਉਦਯੋਗਿਕ ਕ੍ਰਾਂਤੀ ਦੇ ਨਵੇਂ ਯੁੱਗ ਦਾ ਆਗਾਜ਼ ਕਰੇਗੀ।
ਮੁੱਖ ਮੰਤਰੀ ਨੇ ਆਈਚੀ ਨੂੰ 13-15 ਮਾਰਚ, 2026 ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੋਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ‘ਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ ਤਾਂ ਜੋ ਡੂੰਘੀ ਸ਼ਮੂਲੀਅਤ ਅਤੇ ਵਿਸਥਾਰਤ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਾਪਾਨੀ ਨਿਵੇਸ਼ਕ ਇਸ ਸੰਮੇਲਨ ‘ਚ ਵੱਡੇ ਪੱਧਰ ‘ਤੇ ਸ਼ਾਮਲ ਹੋਣਗੇ, ਜਿਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਭਰਵਾਂ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਵੇਸ਼ਕਾਂ ਲਈ ਮਾਹੌਲ ਸਿਰਜਣਾ ਹੈ। ਜਾਪਾਨੀ ਉਦਯੋਗ ਨਾਲ ਪੰਜਾਬ ਦੇ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਸਬੰਧ ਪਹਿਲਾਂ ਹੀ ਮਜ਼ਬੂਤ ਹਨ ਅਤੇ ਜਾਪਾਨ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਪੰਜਾਬ ‘ਚ ਆਪਣਾ ਭਰੋਸਾ ਜਤਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੱਜ ਭਾਰਤ ਦੇ ਸਭ ਤੋਂ ਵੱਧ ਕਾਰੋਬਾਰ-ਪੱਖੀ ਸੂਬਿਆਂ ‘ਚੋਂ ਇੱਕ ਹੈ ਅਤੇ ਭਾਰਤ ਸਰਕਾਰ ਨੇ ਵਪਾਰ ਸੁਧਾਰ ਕਾਰਜ ਯੋਜਨਾ (ਬੀ.ਆਰ.ਏ.ਪੀ.) 2024 ਦਰਜਾਬੰਦੀ ‘ਚ ਪੰਜਾਬ ਨੂੰ ਮੋਹਰੀ ਵਜੋਂ ਮਾਨਤਾ ਦਿੱਤੀ ਹੈ।
Read More: ਜਾਪਾਨ ਦੀ ਟੋਪਨ ਕੰਪਨੀ ਪੰਜਾਬ ‘ਚ 400 ਕਰੋੜ ਰੁਪਏ ਦਾ ਕਰੇਗੀ ਨਿਵੇਸ਼: ਹਰਜੋਤ ਸਿੰਘ ਬੈਂਸ




