ਚੰਡੀਗੜ੍ਹ, 18 ਫਰਵਰੀ 2025: ਪੰਜਾਬ ਸਰਕਾਰ ਨੇ ਮੌਜੂਦਾ ਸਾਲ 2024-25 ਲਈ ਮਿਸ਼ਨ ਜੀਵਨਜੋਤ (Mission Jeevanjot) ਤਹਿਤ ਅਤੇ ਬੇਸਹਾਰਾ ਬੱਚਿਆਂ ਲਈ 15.95 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ 08 ਜੁਲਾਈ 2024 ਤੋਂ ਜੀਵਨਜੋਤ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਪ੍ਰੋਜੈਕਟ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਸਦਾ ਉਦੇਸ਼ ਭੀਖ ਮੰਗਣ ‘ਚ ਸ਼ਾਮਲ ਬੱਚਿਆਂ ਨੂੰ ਬਚਾਉਣਾ, ਮੁੜ ਵਸੇਬਾ ਕਰਨਾ ਅਤੇ ਮੁੱਖ ਧਾਰਾ ‘ਚ ਸ਼ਾਮਲ ਕਰਨਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ‘ਮਿਸ਼ਨ ਜੀਵਨਜਯੋਤ’ (Mission Jeevanjot) ਨਾਮਕ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਬਾਲ ਭੀਖ ਮੰਗਣ ਵਾਲੇ ਬੱਚਿਆਂ ਦੇ ਬਚਪਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਮੁਹਿੰਮ ਤਹਿਤ ਜੁਲਾਈ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ‘ਚ 268 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ ਹੈ।
ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ 2015 ਦੇ ਤਹਿਤ, ਪੰਜਾਬ ਸਰਕਾਰ ਨੇ ਅਨਾਥ, ਬੇਸਹਾਰਾ ਬੱਚਿਆਂ ਨੂੰ ਆਸਰਾ ਪ੍ਰਦਾਨ ਕਰਨ ਲਈ ਸੂਬੇ ‘ਚ 07 ਸਰਕਾਰੀ ਬਾਲ ਘਰ ਅਤੇ 39 ਗੈਰ-ਸਰਕਾਰੀ ਘਰ ਰਜਿਸਟਰ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਹੀ ਗੁਰਦਾਸਪੁਰ ਅਤੇ ਮਲੇਰਕੋਟਲਾ ‘ਚ ਬੇਸਹਾਰਾ ਬੱਚਿਆਂ ਲਈ ਦੋ ਨਵੇਂ ਘਰ ਸਥਾਪਤ ਕਰਨ ਜਾ ਰਹੀ ਹੈ।
ਮੰਤਰੀ ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਭੀਖ ਮੰਗਣ ਵਾਲੇ ਬੱਚਿਆਂ ਜਾਂ ਬਾਲ ਮਜ਼ਦੂਰੀ ਵਿੱਚ ਲੱਗੇ ਬੱਚਿਆਂ ਦੇ ਸ਼ੋਸ਼ਣ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਆਪਣੇ ਜ਼ਿਲ੍ਹੇ ਦੀ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ, ਬਾਲ ਭਲਾਈ ਕਮੇਟੀ ਜਾਂ ਵਿਭਾਗ ਦੁਆਰਾ ਚਲਾਈ ਜਾ ਰਹੀ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਿਤ ਕਰ ਸਕਦੇ ਹਨ। ਵਿਭਾਗ ਵੱਲੋਂ ਬਾਲ ਅਧਿਕਾਰਾਂ ਅਤੇ ਸੁਰੱਖਿਆ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
Read More: Child Begging: ਪੰਜਾਬ ‘ਚ 261 ਭੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ, ਭੀਖ ਮੰਗਵਾਉਣ ਵਾਲੇ ਨੂੰ ਮਿਲੇਗੀ ਸਖ਼ਤ ਸ਼ਜਾ