Punjab Latest news

ਪੰਜਾਬ ਸਰਕਾਰ ਵੱਲੋਂ ਅਨਾਥ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ

ਚੰਡੀਗੜ੍ਹ, 03 ਨਵੰਬਰ 2025: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਅਨਾਥ ਅਤੇ ਆਸ਼ਰਿਤ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਿੱਤੀ ਤੇ ਸਮਾਜਿਕ ਸਹਾਇਤਾ ਯੋਜਨਾਵਾਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ |

ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਭਰ ਦੇ ਆਸ਼ਰਿਤ ਬੱਚਿਆਂ ਨੂੰ ਹੁਣ ਤੱਕ ਕੁੱਲ 242.77 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ। ਇਹ ਸਹਾਇਤਾ ਉਨ੍ਹਾਂ ਬੱਚਿਆਂ ਲਈ ਹੈ, ਜਿਨ੍ਹਾਂ ਦੇ ਮਾਤਾ-ਪਿਤਾ ‘ਚੋਂ ਕੋਈ ਇੱਕ ਜਾਂ ਦੋਵੇਂ ਦਾ ਦੇਹਾਂਤ ਹੋ ਚੁੱਕਾ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਬਹੁਤ ਗੰਭੀਰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2025–26 ਲਈ ਇਸ ਸਕੀਮ ਹੇਠ 410 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ। ਇਸ ਸਮੇਂ ਪੰਜਾਬ ਦੇ 2,32,290 ਬੱਚਿਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ |

ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਬੱਚਾ ਮੁੱਢਲੀਆਂ ਜ਼ਰੂਰਤਾਂ, ਦੇਖਭਾਲ ਅਤੇ ਵਿਕਾਸ ਦੇ ਮੌਕਿਆਂ ਤੋਂ ਵਾਂਝਾ ਨਾ ਰਹੇ। ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਲਗਾਤਾਰ ਸਹਾਇਤਾ ਸਮਾਜ ਦੇ ਸਭ ਤੋਂ ਨਾਜ਼ੁਕ ਵਰਗਾਂ ਪ੍ਰਤੀ ਉਸਦੀ ਸੰਵੇਦਨਸ਼ੀਲਤਾ ਤੇ ਮਨੁੱਖਤਾ ਦਾ ਪ੍ਰਤੀਕ ਹੈ।

ਮੰਤਰੀ ਡਾ. ਬਲਜੀਤ ਕੌਰ ਨੇ ਹੋਰ ਦੱਸਿਆ ਕਿ ਵਿਭਾਗ ਆਸ਼ਰਿਤ ਬੱਚਿਆਂ ਲਈ ਇਕੱਠੇ ਵਿਕਾਸ ਪ੍ਰੋਗਰਾਮਾਂ ’ਤੇ ਵੀ ਕੰਮ ਕਰ ਰਿਹਾ ਹੈ, ਜਿਵੇਂ ਕਿ ਸਕਿਲ ਡਿਵੈਲਪਮੈਂਟ, ਕਾਊਂਸਲਿੰਗ ਤੇ ਸਿੱਖਿਆ ਸਹਾਇਤਾ, ਤਾਂ ਜੋ ਉਹ ਵੱਡੇ ਹੋ ਕੇ ਆਤਮਨਿਰਭਰ ਜੀਵਨ ਬਤੀਤ ਕਰ ਸਕਣ।

Read More: Punjab News: ਪੰਜਾਬ ਸਰਕਾਰ ਵੱਲੋਂ 3.15 ਲੱਖ ਪੈਨਸ਼ਨਰਾਂ ਲਈ ਅਹਿਮ ਐਲਾਨ

Scroll to Top