ਚੰਡੀਗੜ੍ਹ, 05 ਫਰਵਰੀ 2025: ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਰਤ ਵਿਭਾਗ ਨੇ ਭਾਰਤ ਸਰਕਾਰ ਵੱਲੋਂ ਅਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਲਈ ਸ਼ੁਰੂ ਕੀਤੇ ਈ-ਸ਼੍ਰਮ ਪੋਰਟਲ (E-Shram Portal) ‘ਤੇ 57,75,402 ਕਾਮਿਆਂ ਨੂੰ ਰਜਿਸਟਰ ਕੀਤਾ ਹੈ। ਕੁਝ ਦਿਨ ਪਹਿਲਾਂ ਸੌਂਦ ਨੇ ਨਵੀਂ ਦਿੱਲੀ ‘ਚ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੇ ਦੋ-ਰੋਜ਼ਾ ਸੰਮੇਲਨ ‘ਚ ਈ-ਸ਼੍ਰਮ ਅਧੀਨ ਰਜਿਸਟਰਡ ਕਾਮਿਆਂ ਨੂੰ ਡਾਕਟਰੀ ਬੀਮਾ, ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫ਼ਾ ਅਤੇ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਲਾਭ ਪ੍ਰਦਾਨ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ।
ਮੰਤਰੀ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਉਸਾਰੀ ਕਾਮਿਆਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਫਾਰਮ (E-Shram portal) ਨੂੰ ਸਰਲ ਬਣਾਇਆ ਹੈ ਅਤੇ ਫਾਰਮ ਨੰਬਰ 27 ਦਾ ਪੰਜਾਬੀ ‘ਚ ਅਨੁਵਾਦ ਕਰਨ ਵਰਗੇ ਕਈ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਜ਼ਦੂਰ ਦੀ ਅਰਜ਼ੀ ‘ਤੇ ਕੋਈ ਇਤਰਾਜ਼ ਹੈ, ਤਾਂ ਇਸ ਸਬੰਧੀ ਸਬੰਧਤ ਉਸਾਰੀ ਮਜ਼ਦੂਰ ਨੂੰ ਇੱਕ ਐਸਐਮਐਸ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ, ਕਿਰਤ ਨਿਰੀਖਕਾਂ ਨੂੰ ਹੁਣ ਅਰਜ਼ੀ ਪ੍ਰਾਪਤ ਹੋਣ ਦੇ 14 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ/ਨਵੀਨੀਕਰਨ ਅਰਜ਼ੀ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੇ ਵਜ਼ੀਫ਼ਾ ਸਕੀਮ, ਐਲਟੀਸੀ ਸਕੀਮ ਅਤੇ ਸ਼ਗਨ ਸਕੀਮ ਸਮੇਤ ਵੱਖ-ਵੱਖ ਭਲਾਈ ਸਕੀਮਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਵੀ ਸਰਲ ਬਣਾਇਆ ਹੈ। ਵਿੱਤੀ ਸਾਲ 2024-2025 ਦੌਰਾਨ ਹੁਣ ਤੱਕ ਵੱਖ-ਵੱਖ ਭਲਾਈ ਸਕੀਮਾਂ ਤਹਿਤ 19,055 ਕਾਮਿਆਂ ਨੂੰ ਕੁੱਲ 31.71 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ, ਚਾਲੂ ਵਿੱਤੀ ਸਾਲ ਦੌਰਾਨ ਉਸਾਰੀ ਕਾਮਿਆਂ ‘ਚ ਕੁੱਲ 19.53 ਕਰੋੜ ਰੁਪਏ ਵੰਡੇ ਹਨ।
ਪੰਜਾਬ ਕਿਰਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਕਿਰਤ ਭਲਾਈ ਬੋਰਡ ਨੇ 5,980 ਲਾਭਪਾਤਰੀਆਂ ਨੂੰ ਕੁੱਲ 15.36 ਕਰੋੜ ਰੁਪਏ ਵੰਡੇ ਸਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਕਾਰਡਾਂ ਦੀ ਰਜਿਸਟ੍ਰੇਸ਼ਨ/ਨਵੀਨੀਕਰਨ ਅਤੇ ਭਲਾਈ ਸਕੀਮਾਂ ਲਈ ਕਾਮਿਆਂ ਦੀਆਂ ਅਰਜ਼ੀਆਂ ‘ਤੇ ਉਠਾਏ ਇਤਰਾਜ਼ਾਂ ਦੇ ਨਿਪਟਾਰੇ ‘ਚ ਸਹਾਇਤਾ ਲਈ ਸਹਾਇਕ ਕਮਿਸ਼ਨਰ/ਕਿਰਤ ਅਫ਼ਸਰ ਦਫ਼ਤਰਾਂ ‘ਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਹਨ।
Read More: ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਈ-ਸ਼੍ਰਮ ਅਧੀਨ ਕਾਮਿਆਂ ਨੂੰ ਸਿਹਤ ਬੀਮਾ ਤੇ ਪੈਨਸ਼ਨਾਂ ਦੇਣ ਦੀ ਤਜਵੀਜ਼