ਚੰਡੀਗੜ੍ਹ, 06 ਅਪ੍ਰੈਲ 2026: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ‘ਚ ਇਨਫੋਰਸਮੈਂਟ ਦੇ ਖੇਤਰ ‘ਚ ਰਿਕਾਰਡ ਨਤੀਜੇ ਪ੍ਰਾਪਤ ਕੀਤੇ ਹਨ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਫੋਕਸਡ ਅਤੇ ਖੁਫੀਆ ਜਾਣਕਾਰੀ ਅਧਾਰਤ ਕਾਰਵਾਈਆਂ ਨਾਲ ਸੂਬੇ ਦੇ ਕਰ ਵਿਭਾਗ ਨੇ ਵਿੱਤੀ ਸਾਲ 2025-26 ਦੌਰਾਨ 1,383.11 ਕਰੋੜ ਰੁਪਏ ਦੇ ਭਾਰੀ ਜੁਰਮਾਨੇ ਲਗਾਏ। ਇਸ ਲਗਾਏ ਜੁਰਮਾਨੇ ‘ਚੋਂ 1,137.85 ਕਰੋੜ ਰੁਪਏ ਪਹਿਲਾਂ ਹੀ ਵਸੂਲ ਕਰ ਲਏ ਹਨ |
ਉਨ੍ਹਾਂ ਕਿਹਾ ਕਿ ਨਿਰੀਖਣ-ਅਧਾਰਤ ਇਨਫੋਰਸਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਿਸ ‘ਚ 1,215.95 ਕਰੋੜ ਰੁਪਏ ਦਾ ਜੁਰਮਾਨਾ ਅਤੇ 972.15 ਕਰੋੜ ਰੁਪਏ ਦੀ ਅਸਲ ਵਸੂਲੀ ਸ਼ਾਮਲ ਹੈ। ਇਸ ਦੇ ਨਾਲ ਹੀ, ਸੜਕੀ ਚੈਕਿੰਗ ਮੁਹਿੰਮਾਂ ਨੇ 165.71 ਕਰੋੜ ਰੁਪਏ ਦਾ ਯੋਗਦਾਨ ਪਾਇਆ। ਸਾਲ 2024-25 ਦੌਰਾਨ ਨਿਰੀਖਣ ਇਨਫੋਰਸਮੈਂਟ ਦੇ ਨਤੀਜੇ ਵਜੋਂ 147.28 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ ਅਤੇ 41.53 ਕਰੋੜ ਰੁਪਏ ਵਸੂਲੇ ਗਏ ਸੀ ਅਤੇ ਸੜਕੀ ਚੈਕਿੰਗ ਦੀ ਵਸੂਲੀ 157.14 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2025-26 ‘ਚ ਇਹ ਭਾਰੀ ਵਾਧਾ ਸੂਬੇ ਦੀ ਖੋਜ, ਇਨਫੋਰਸਮੈਂਟ ਅਤੇ ਅਸਲ ਵਿੱਤੀ ਵਸੂਲੀ ਦੀ ਸਮਰੱਥਾ ‘ਚ ਇੱਕ ਵੱਡੇ ਬਦਲਾਅ ਨੂੰ ਉਜਾਗਰ ਕਰਦਾ ਹੈ।”
ਧੋਖੇਬਾਜ਼ ਨੈੱਟਵਰਕਾਂ ‘ਤੇ ਸਖ਼ਤੀ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਟੈਕਸ ਵਿਭਾਗ ਨੇ ਸਾਲ ਭਰ ‘ਚ 8 ਐਫ.ਆਈ.ਆਰ. ਅਤੇ 15 ਗ੍ਰਿਫਤਾਰੀਆਂ ਕੀਤੀਆਂ। ਦੋ ਸਭ ਤੋਂ ਪ੍ਰਮੁੱਖ ਐਫ.ਆਈ.ਆਰ ‘ਚ 7 ਵਿਅਕਤੀ ਸ਼ਾਮਲ ਸਨ ਅਤੇ 385 ਕਰੋੜ ਰੁਪਏ ਦੇ ਧੋਖੇਬਾਜ਼ ਲੈਣ-ਦੇਣ ਦਾ ਪਰਦਾਫਾਸ਼ ਹੋਇਆ। ਇਨ੍ਹਾਂ ਟੀਚਾਗਤ ਕਾਰਵਾਈਆਂ ਨੇ ਮਾਲ ਦੀ ਅਸਲ ਸਪਲਾਈ ਤੋਂ ਬਿਨਾਂ ਇਨਵੌਇਸ ਜਾਰੀ ਕਰਨ ਵਾਲੀਆਂ ਫਰਮਾਂ ਦੁਆਰਾ ਕੀਤੀ 69.57 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ।”
ਉਨ੍ਹਾਂ ਨੇ ਕਿਹਾ, “ਮਾਲ ਦੀ ਗੈਰ-ਕਾਨੂੰਨੀ ਢੋਆ-ਢੁਆਈ ਅਤੇ ਧੋਖੇਬਾਜ਼ ਬਿਲਿੰਗ ਨੈੱਟਵਰਕਾਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਬਠਿੰਡਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਅਤੇ ਚੰਡੀਗੜ੍ਹ ‘ਚ ਹੋਰ ਐਫ.ਆਈ.ਆਰ ਦਰਜ ਕੀਤੀਆਂ। ਇੱਕ ਬਹੁਤ ਹੀ ਮਹੱਤਵਪੂਰਨ ਕਾਰਵਾਈ ‘ਚ 9 ਕਰੋੜ ਰੁਪਏ ਤੋਂ ਵੱਧ ਦਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਪਾਸ ਕਰਨ ਲਈ ਲੁਧਿਆਣਾ ਸਥਿਤ ਇੱਕ ਮਾਲਕ ਨੂੰ ਗ੍ਰਿਫਤਾਰ ਕੀਤਾ।”
ਲੁਧਿਆਣਾ ‘ਚ ਸੋਨੇ ਦੇ ਲੈਣ-ਦੇਣ ‘ਚ 900 ਕਰੋੜ ਰੁਪਏ ਦੀ ਜਾਅਲੀ ਬਿਲਿੰਗ, ਮੋਹਾਲੀ, ਖਰੜ ਅਤੇ ਕੋਟਕਪੂਰਾ ‘ਚ ਨਜਾਇਜ਼ ਕੋਲੇ ਦੇ ਲੈਣ-ਦੇਣ ‘ਚ 226 ਕਰੋੜ ਰੁਪਏ, ਅਤੇ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ‘ਚ ਕੰਮ ਕਰ ਰਹੇ 423 ਕਰੋੜ ਰੁਪਏ ਦੇ ਬੋਗਸ ਬਿਲਿੰਗ ਨੈੱਟਵਰਕ ਸ਼ਾਮਲ ਹਨ। ਇਸ ਤੋਂ ਇਲਾਵਾ, ਗੁੰਝਲਦਾਰ ਜਾਂਚ ਦੌਰਾਨ ‘ਪੇਟ ਪੂਜਾ ਐਪ’ ਨਾਲ ਜੁੜੇ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ |
ਵੈਰੀਫਿਕੇਸ਼ਨ ਮੁਹਿੰਮਾਂ ਬਾਰੇ ਵਿੱਤ ਮੰਤਰੀ ਨੇ ਕਿਹਾ, “ਫੋਕਸਡ ਵੈਰੀਫਿਕੇਸ਼ਨ ਅਭਿਆਸਾਂ ਦੌਰਾਨ 1,579 ਸ਼ੱਕੀ ਡੀਲਰਾਂ ਦੀ ਪਛਾਣ ਕੀਤੀ। ਸਖ਼ਤ ਚੈਕਿੰਗ ਤੋਂ ਬਾਅਦ ਇਨ੍ਹਾਂ ‘ਚੋਂ 922 ਸੰਸਥਾਵਾਂ ਦੀ ਕੋਈ ਹੋਂਦ ਹੀ ਨਹੀਂ ਪਾਈ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ।”
ਆਈ.ਟੀ.ਸੀ. ਬਚਾਅ ਉਪਾਵਾਂ ਬਾਰੇ ਉਨ੍ਹਾਂ ਕਿਹਾ, “ਮਜ਼ਬੂਤ ਇਨਪੁਟ ਟੈਕਸ ਕ੍ਰੈਡਿਟ ਕੰਟਰੋਲ ਉਪਾਵਾਂ ਦੇ ਨਤੀਜੇ ਵਜੋਂ 244.82 ਕਰੋੜ ਰੁਪਏ ਨੂੰ ਸਰਗਰਮੀ ਨਾਲ ਬਲਾਕ ਕੀਤਾ ਅਤੇ 206.64 ਕਰੋੜ ਰੁਪਏ ਦੀ ਵਾਪਸੀ ਸੁਨਿਸ਼ਚਿਤ ਕੀਤੀ। ਇਨ੍ਹਾਂ ਸਰਗਰਮ ਕਦਮਾਂ ਨੇ ਸਿੱਧੀ ਨਕਦ ਵਸੂਲੀ ਰਾਹੀਂ ਪ੍ਰਾਪਤ ਕੀਤੇ ਵਾਧੂ 19.08 ਕਰੋੜ ਰੁਪਏ ਦੇ ਨਾਲ-ਨਾਲ ਸੂਬੇ ਦੇ ਫੰਡਾਂ ‘ਚ 451.46 ਕਰੋੜ ਰੁਪਏ ਨੂੰ ਸਫਲਤਾਪੂਰਵਕ ਬਚਾਇਆ।”
ਉਨ੍ਹਾਂ ਨੇ ਕਿਹਾ, “ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿਖੇ ਇੱਕੋ ਸਮੇਂ ਚਲਾਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ, ਇੱਕ ਦਿਨ ‘ਚ ਰਿਕਾਰਡ 141 ਵਾਹਨਾਂ ਨੂੰ ਜ਼ਬਤ ਕੀਤਾ । ਵਿਭਾਗ ਨੇ ਆਇਰਨ ਐਂਡ ਸਟੀਲ, ਸੀਮੈਂਟ, ਆਟੋ ਪਾਰਟਸ, ਤੰਬਾਕੂ ਅਤੇ ਧਾਤਾਂ ਵਰਗੇ ਉੱਚ-ਜੋਖਮ ਵਾਲੇ ਸੈਕਟਰਾਂ ‘ਤੇ ਵਿਸ਼ੇਸ਼ ਨਜ਼ਰ ਰੱਖਦਿਆਂ ਰੇਲਵੇ ਸਟੇਸ਼ਨਾਂ ਅਤੇ ਪ੍ਰਮੁੱਖ ਟਰਾਂਜ਼ਿਟ ਪੁਆਇੰਟਾਂ ‘ਤੇ ਵੀ ਇਨਫੋਰਸਮੈਂਟ ਨੂੰ ਮਜ਼ਬੂਤ ਕੀਤਾ।”
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ, ਟੈਕਸ ਇੰਟੈਲੀਜੈਂਸ ਯੂਨਿਟ, ਅਤੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਦੀ ਭੂਮਿਕਾ ਅਹਿਮ ਰਹੀ। ਇਨ੍ਹਾਂ ਇਨਫੋਰਸਮੈਂਟ ਉਪਾਵਾਂ ਦੀ ਵੱਡੀ ਸਫਲਤਾ ਆਧੁਨਿਕ ਡਾਟਾ ਵਿਸ਼ਲੇਸ਼ਣ, ਰੀਅਲ-ਟਾਈਮ ਈ-ਵੇਅ ਬਿੱਲ ਟ੍ਰੈਕਿੰਗ, ਨਿਰੰਤਰ ਖੁਫੀਆ ਜਾਣਕਾਰੀ, ਅਤੇ ਨਵੇਂ ਵਿਕਸਤ ਡਿਜੀਟਲ ਇਨਫੋਰਸਮੈਂਟ ਪੋਰਟਲਾਂ ਸਦਕਾ ਸੰਭਵ ਹੋਈ। ਇਨ੍ਹਾਂ ਤਕਨੀਕੀ ਤਰੱਕੀਆਂ ਨੇ ਜ਼ਮੀਨੀ ਪੱਧਰ ‘ਤੇ ਤੇਜ਼ ਅਤੇ ਬਹੁਤ ਤਾਲਮੇਲ ਵਾਲੀ ਕਾਰਵਾਈ ਨੂੰ ਸਮਰੱਥ ਬਣਾਇਆ ਹੈ।”
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਧੋਖੇਬਾਜ਼ ਨੈੱਟਵਰਕਾਂ ਨੂੰ ਪੱਕੇ ਤੌਰ ‘ਤੇ ਖਤਮ ਕਰਨ, ਇਮਾਨਦਾਰ ਵਪਾਰਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ, ਇਮਾਨਦਾਰ ਟੈਕਸ ਦਾਤਿਆਂ ਦੀ ਰੱਖਿਆ ਕਰਨ ਅਤੇ ਸੂਬੇ ਦੇ ਮਹੱਤਵਪੂਰਨ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਅਜਿਹੀਆਂ ਰੋਕਥਾਮ ਕਾਰਵਾਈਆਂ ਹੋਰ ਵੀ ਤੇਜ਼ੀ ਨਾਲ ਜਾਰੀ ਰਹਿਣਗੀਆਂ।”
Read More: MP ਮੀਤ ਹੇਅਰ ਨੇ ਮੈਂਬਰ ਰਾਘਵ ਚੱਢਾ ਦੇ ਵਤੀਰੇ ‘ਤੇ ਚੁੱਕੇ ਸਖ਼ਤ ਸਵਾਲ




