ਚੰਡੀਗੜ੍ਹ/ਪਠਾਨਕੋਟ, 4 ਸਤੰਬਰ 2025: ਪੰਜਾਬ ‘ਚ ਆਏ ਹੜ੍ਹਾਂ ਦੀ ਕੁਦਰਤੀ ਆਫ਼ਤ ਨੇ ਕਿਸਾਨਾਂ ਦੀ ਫਸਲਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਪਸ਼ੂ ਧਨ ਦਾ ਨੁਕਸਾਨ ਹੋਇਆ ਅਤੇ ਘਰ ਤਬਾਹ ਹੋ ਗਏ, ਜਦੋਂ ਕਿ ਬਹੁਤ ਹੀ ਦੁਖਦਾਈ ਘਟਨਾਵਾਂ ‘ਚ ਕਈ ਕੀਮਤੀ ਜਾਨਾਂ ਗਈਆਂ।
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਸਾਨੂੰ ਬਹੁਤ ਦੁੱਖ ਝੱਲਣਾ ਪਿਆ ਹੈ, ਪਰ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਸਾਡੇ ਜ਼ਿਲ੍ਹੇ ਦੇ ਕੁਝ ਪਰਿਵਾਰਾਂ ਨੇ ਆਪਣੇ ਪਰਿਵਾਰਿਕ ਮੈਂਬਰ ਗੁਆ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੇ ਸਮੇਂ ‘ਚ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ। ਪੰਜਾਬ ਸਰਕਾਰ ਨੇ ਤੁਰੰਤ ਪਹਿਲਕਦਮੀ ਕਰਦਿਆਂ ਇਨ੍ਹਾਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ‘ਚ ਕੁੱਲ 8 ਪਰਿਵਾਰ ਹਨ, ਜਿਨ੍ਹਾਂ ਦੇ ਮੈਂਬਰਾਂ ਨੇ ਹੜ੍ਹਾਂ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਨ੍ਹਾਂ ‘ਚੋਂ 4 ਪਰਿਵਾਰਾਂ ਦੇ ਲਈ ਜਿਸ ‘ਚ ਪਿੰਡ ਅੱਤੇਪੁਰ ਤੋਂ ਨੋਜਵਾਨ ਜਗਤਾਰ, ਢਾਂਗੂ ਸਰਾਂ ਤੋਂ ਸਾਹਿਲ, ਰਾਜਪੂਰਾ ਤੋਂ ਕੇਸਵ ਕੁਮਾਰ ਅਤੇ ਰੇਸਮਾਂ ਇਨ੍ਹਾਂ ਚਾਰ ਪਰਿਵਾਰਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਚੈਕ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਠਾਨਕੋਟ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ, ਜਿੱਥੋਂ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦੀ ਹੈ, ਜਿਸ ਨੇ ਬਹੁਤ ਛੇਤੀ ਕਾਰਵਾਈ ਕਰਦਿਆਂ ਰਿਪੋਰਟ ਪੇਸ਼ ਕੀਤੀ। ਬਾਕੀ 4 ਪਰਿਵਾਰਾਂ ਦੇ ਅਧੂਰੇ ਦਸਤਾਵੇਜ਼ ਵੀ ਛੇਤੀ ਪੂਰੇ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
Read More: ਅਫਗਾਨਿਸਤਾਨ ਨੂੰ ਸਹਾਇਤਾ, ਹੜ੍ਹ ਪ੍ਰਭਾਵਿਤ ਪੰਜਾਬ ਦੀ ਮੱਦਦ ਲਈ ‘ਚ ਕਿਉਂ ਝਿਜਕ ਰਹੀ ਕੇਂਦਰ ਸਰਕਾਰ: ਹਰਪਲ ਚੀਮਾ